ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਗੰਨੇ ਦੇ ਵਿਕਾਸ, ਅਦਾਇਗੀ ਅਤੇ ਹੋਰ ਵੱਖ-ਵੱਖ ਮੁੱਦਿਆਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਖੇਤੀ ਭਵਨ , ਐਸ. ਏ. ਐਸ. ਨਗਰ ਵਿਖੇ ਅੱਜ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ, ਕੇਨ ਕਮਿਸ਼ਨਰ ਪੰਜਾਬ ਵੱਲੋਂ ਕੀਤੀ ਗਈ, ਮੀਟਿੰਗ ਦੌਰਾਨ ਪੱਤਝੜ ਰੁੱਤ ਦੌਰਾਨ ਗੰਨੇ ਦੀ ਫਸਲ ਹੇਠ ਰਕਬਾ ਅਤੇ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਡਾ. ਗੁਲਜਾਰ ਸਿੰਘ ਸੰਘੇੜਾ, ਡਾਇਰੈਕਟਰ, ਰਿਜਨਲ ਰਿਸਰਚ ਸਟੇਸ਼ਨ, ਕਪੂਰਥਲਾ, ਡਾਕਟਰ ਮਨਧੀਰ ਸਿੰਘ ਪ੍ਰੋਜੈਕਟ ਅਫਸਰ (ਗੰਨਾ) ਜਲੰਧਰ, ਗੰਨਾ ਸੈਕਸ਼ਨ ਦੇ ਸਹਾਇਕ ਗੰਨਾ ਵਿਕਾਸ ਅਫਸਰ, ਖੇਤੀਬਾੜੀ ਵਿਕਾਸ ਅਫਸਰ, ਸਮੂਹ ਖੰਡ ਮਿੱਲਾਂ ਦੇ ਜਨਰਲ ਮੈਨੇਜਰ, ਮੁੱਖ ਗੰਨਾ ਵਿਕਾਸ ਅਫਸਰਾਂ ਅਤੇ ਹੋਰ ਨੁਮਾਇੰਦਿਆਂ ਵਲੋਂ ਭਾਗ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਗੰਨਾ ਪੰਜਾਬ ਦੀ ਮੁੱਖ ਫ਼ਸਲ ਹੈ ਅਤੇ ਇਸ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਗੰਨੇ ਦੀ ਫਸਲ ਵਿੱਚ ਅੰਤਰ ਫਸਲਾਂ ਲਈ ਬਹੁਤ ਹੀ ਅਹਿਮ ਹੁੰਦਾ ਹੈ ਅਤੇ ਇਸ ਸਮੇਂ ਤੇ ਅੰਤਰ ਫ਼ਸਲ ਦੇ ਨਾਲ ਫਸਲ ਦੀ ਸਾਂਭ ਸੰਭਾਲ ਸਬੰਧੀ ਤਕਨੀਕੀ ਜਾਣਕਾਰੀ ਗੰਨਾ ਕਾਸ਼ਤਕਾਰਾਂ ਨੂੰ ਮੁਹੱਈਆ ਕਰਵਾਉਣ ਦੀ ਜ਼ਰੂਰਤ ਹੈ।
ਉਹਨਾਂ ਕਿਹਾ ਕਿ ਗੰਨੇ ਦੀ ਫਸਲ ਦੀ ਪੱਤਝੜ ਰੁੱਤ ਦੌਰਾਨ ਹੋਣ ਵਾਲੀ ਬਿਜਾਈ ਵਿਚ ਅੰਤਰ ਫ਼ਸਲਾਂ ਦੀ ਬਿਜਾਈ ਕਰਕੇ ਗੰਨਾ ਕਾਸ਼ਤਕਾਰਾਂ ਦੀ ਪ੍ਰਤੀ ਹੈਕਟੇਅਰ ਗੰਨੇ ਦੀ ਪੈਦਾਵਾਰ ਵਧਾ ਕੇ ਆਮਦਨ ਵਧਾਈ ਜਾ ਸਕਦੀ ਹੈ। ਉਹਨਾਂ ਗੰਨਾ ਸੈਕਸ਼ਨ ਅਤੇ ਸਮੂਹ ਖੰਡ ਮਿੱਲਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਿਫਾਰਸਾਂ ਅਨੁਸਾਰ ਹੀ ਭਵਿੱਖ ਵਿੱਚ ਗੰਨੇ ਅਤੇ ਗੰਨੇ ਵਿੱਚ ਅੰਤਰ ਫਸਲਾਂ ਦੀ ਬਿਜਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਗੰਨੇ ਹੇਠ 4 ਫੁੱਟ ਦੀ ਦੂਰੀ (ਚੌੜੀ ਵਿੱਥ ਵਿਧੀ) ਹੇਠ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਇਆ ਜਾਵੇ ਤਾਂ ਜੋ ਗੰਨੇ ਦੀ ਫਸਲ ਦੇ ਝਾੜ ਵਿੱਚ ਚੋਖਾ ਵਾਧਾ ਹੋ ਸਕੇ ਅਤੇ ਰਾਜ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਪਾਣੀ ਦੀ ਬਚਤ ਹੋ ਸਕੇ। ਉਹਨਾਂ ਸਮੂਹ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਕ੍ਰਿਸ਼ੀ ਉੱਨਤੀ ਯੋਜਨਾ ਤਹਿਤ ਜਾਗਰੂਕਤਾ ਕੈਂਪ ਲਗਾਕੇ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ਤੋਂ ਵੱਧ ਪੈਦਾਵਾਰ ਅਤੇ ਉਤਪਾਦਕਤਾ ਵਿੱਚ ਵਾਧਾ ਕਰਨ ਲਈ ਵੱਖ ਵੱਖ ਨਵੀਨਤਮ ਤਕਨੀਕਾਂ ਤੋਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਮਿਥੇ ਟੀਚੇ ਸਮੇਂ ਸਿਰ ਮੁਕੰਮਲ ਕੀਤੇ ਜਾਣ।
ਇਸ ਮੌਕੇ ਡਾ. ਗੁਲਜਾਰ ਸਿੰਘ ਸੰਘੇੜਾ, ਡਾਇਰੈਕਟਰ, ਰਿਜਨਲ ਰਿਸਰਚ ਸਟੇਸ਼ਨ, ਕਪੂਰਥਲਾ ਵੱਲੋ਼ ਗੰਨੇ ਦੀ ਫਸਲ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅੱਸੂ ਦੇ ਗੰਨੇ ਦੀ ਫ਼ਸਲ ਤਾਂ ਹੀ ਕਾਮਯਾਬ ਹੁੰਦੀ ਹੈ ਜੇਕਰ ਬਿਜਾਈ ਚਾਰ ਫੁੱਟ ਦੀ ਚੌੜੀ ਵਿੱਥ ਤੇ ਕਰਕੇ ਸਿਫਾਰਸ਼ਾਂ ਅਨੁਸਾਰ ਉਨ੍ਹਾਂ ਫ਼ਸਲਾਂ ਦੀ ਹੀ ਬਤੌਰ ਬਿਜਾਈ ਕਰਵਾਈ ਜਾਵੇ, ਜੋ ਫਰਵਰੀ ਤੱਕ ਗੰਨੇ ਦੀ ਫ਼ਸਲ ਤੋਂ ਵੱਡੀ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਗੰਨੇ ਦੀ ਫ਼ਸਲ ਦੇ ਮਸ਼ੀਨੀਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਮਜ਼ਦੂਰਾਂ ਦੀ ਘਾਟ ਨੂੰ ਦੂਰ ਕੀਤਾ ਜਾ ਸਕੇ।