ਚੰਡੀਗੜ੍ਹ : ਝੋਨੇ ਦੀ ਸੁਚਾਰੂ ਖ਼ਰੀਦ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਨਾ ਛੱਡਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਰਗਰਮ ਪਹੁੰਚ ਸਦਕਾ 5 ਨਵੰਬਰ ਤੱਕ 10,11,149 ਲੱਖ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦਾ ਲਾਭ ਮਿਲਿਆ ਹੈ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ, ਖ਼ਰੀਦ, ਚੁਕਾਈ ਅਤੇ ਅਦਾਇਗੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ। ਹੁਣ ਤੱਕ 95021 ਕਿਸਾਨਾਂ ਨੂੰ ਐਮ.ਐਸ.ਪੀ. ਦਾ ਲਾਭ ਮਿਲਣ ਨਾਲ ਪਟਿਆਲਾ ਜਿ਼ਲ੍ਹਾ ਸਭ ਤੋਂ ਅੱਗੇ ਹੈ। ਜਿ਼ਕਰਯੋਗ ਹੈ ਕਿ 5 ਨਵੰਬਰ ਸ਼ਾਮ ਤੱਕ ਸੂਬੇ ਭਰ ਦੀਆਂ ਮੰਡੀਆਂ ਵਿੱਚ ਕੁੱਲ 13869759.05 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ। ਇਸ ਵਿੱਚੋਂ, 13597879.27 ਮੀਟਰਕ ਟਨ ਝੋਨਾ ਖਰੀਦਿਆ ਗਿਆ ਹੈ ,ਇਸ ਤਰ੍ਹਾਂ ਹੁੱਣ ਤੱਕ ਕੁੱਲ 98 ਫੀਸਦੀ ਫ਼ਸਲ ਖ਼ਰੀਦੀ ਜਾ ਚੁੱਕੀ ਹੈ। ਕੁੱਲ ਚੁਕਾਈ ਦਾ ਅੰਕੜਾ 11729851.90 ਮੀਟਰਕ ਟਨ ਹੈ, ਜੋ ਹੁਣ ਤੱਕ ਖਰੀਦੀ ਗਈ ਕੁੱਲ ਫ਼ਸਲ ਦਾ 86 ਫੀਸਦ ਬਣਦਾ ਹੈ।