Wednesday, November 05, 2025

Majha

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਮੁੱਖ ਮੰਤਰੀ ਵੱਲੋਂ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ, ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ

November 05, 2025 09:16 PM
SehajTimes

ਸ਼ਾਹਪੁਰ ਕੰਢੀ ਪ੍ਰਾਜੈਕਟ ਨਾਲ ਸੂਬੇ ਨੂੰ ਵੱਡੇ ਪੱਧਰ ’ਤੇ ਮਿਲਣਗੀਆਂ ਬਿਜਲੀ ਅਤੇ ਸਿੰਚਾਈ ਸਹੂਲਤਾਂ

ਮਾਝੇ ਦੇ ਜ਼ਿਲ੍ਹਿਆਂ ਲਈ ਲਾਈਫ ਲਾਈਨ ਸਾਬਤ ਹੋਵੇਗਾ ਸ਼ਾਹਪੁਰ ਕੰਢੀ ਡੈਮ

206 ਮੈਗਾਵਾਟ ਦੀ ਸਮਰੱਥਾ ਵਾਲੇ ਦੋ ਪਾਵਰ ਹਾਊਸ ਪ੍ਰਾਜੈਕਟ ਮਾਰਚ, 2026 ਤੱਕ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ

ਵਿਸ਼ਵ ਪੱਧਰੀ ਟੂਰਿਸਟ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ ਪੰਜਾਬ

ਪਠਾਨਕੋਟ :  ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 3394.49 ਕਰੋੜ ਦੀ ਲਾਗਤ ਵਾਲੇ ਸ਼ਾਹਪੁਰ ਕੰਢੀ ਪ੍ਰਾਜੈਕਟ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ ਜਿਸ ਨਾਲ ਸੂਬੇ ਵਿੱਚ ਬਿਜਲੀ ਤੇ ਸਿੰਚਾਈ ਸਹੂਲਤਾਂ ਵਿੱਚ ਵੱਡਾ ਵਾਧਾ ਹੋਵੇਗਾ। ਇਹ ਪ੍ਰਾਜੈਕਟ ਨੂੰ ਸਮਰਪਿਤ ਕਰਨ ਮੌਕੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਲਈ ਖਾਸ ਕਰਕੇ ਪੰਜਾਬ ਲਈ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਉਹ ਡੈਮ ਦਾ ਨਿਰਮਾਣ ਕਰਨ ਵਾਲੇ ਇੰਜਨੀਅਰਾਂ, ਮੁਲਾਜ਼ਮਾਂ ਅਤੇ ਕਿਰਤੀ-ਕਾਮਿਆਂ ਦਾ ਸਾਰੇ ਪੰਜਾਬੀਆਂ ਵੱਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਇਸ ਪ੍ਰਾਜੈਕਟ ਨੂੰ ਹਕੀਕਤ ਵਿੱਚ ਬਦਲ ਦਿੱਤਾ। ਉਨ੍ਹਾਂ ਕਿਹਾ ਕਿ ਇਹ ਡੈਮ ਕਿਸਾਨਾਂ, ਸਨਅਤਕਾਰਾਂ, ਕਾਰੋਬਾਰੀਆਂ ਅਤੇ ਆਮ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ ਕਿਉਂਕਿ ਇਸ ਨਾਲ ਇਸ ਡੈਮ ਨਾਲ ਜਿੱਥੇ ਬਿਜਲੀ ਦਾ ਉਤਪਾਦਨ ਵਧੇਗਾ, ਉਥੇ ਸਿੰਚਾਈ ਦੀ ਸਹੂਲਤ ਵੀ ਮਿਲੇਗੀ। ਇਸ ਪ੍ਰਾਜੈਕਟ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਡੇ ਮੌਕੇ ਹਾਸਲ ਹੋਣਗੇ।
ਮੁੱਖ ਮੰਤਰੀ ਨੇ ਕਿਹਾ, “ਸ਼ਾਹਪੁਰ ਕੰਢੀ ਡੈਮ ਪੰਜਾਬ ਦੀ ਖਾਸ ਕਰਕੇ ਮਾਝੇ ਦੇ ਇਲਾਕੇ ਦੀ ਲਾਈਫ ਲਾਈਨ (ਜੀਵਨ ਰੇਖਾ) ਸਾਬਤ ਹੋਵੇਗੀ। ਮੈਨੂੰ ਉਮੀਦ ਹੈ ਕਿ ਇਹ ਡੈਮ ਜਿੱਥੇ ਲੱਖਾਂ ਘਰਾਂ ਨੂੰ ਰੌਸ਼ਨ ਕਰੇਗਾ, ਉਥੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਵੀ ਰੁਸ਼ਨਾਏਗਾ।”
ਇਸ ਪ੍ਰਾਜੈਕਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਦੀ ਕੀਮਤ 3394.49 ਕਰੋੜ ਰੁਪਏ ਹੈ। ਇਸ ਵਿੱਚੋਂ 2694.02 ਕਰੋੜ ਰੁਪਏ (ਲਗਪਗ 80 ਫੀਸਦੀ) ਪੰਜਾਬ ਵੱਲੋਂ ਖਰਚੇ ਜਾ ਰਹੇ ਹਨ ਜਦਕਿ ਬਾਕੀ 700.45 ਕਰੋੜ ਰੁਪਏ (20 ਫੀਸਦੀ) ਦੀ ਸਹਾਇਤਾ ਭਾਰਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਾਹਪੁਰ ਕੰਢੀ ਪ੍ਰਾਜੈਕਟ ਲਈ 3171.72 ਏਕੜ ਜ਼ਮੀਨ ਐਕੁਵਾਇਰ ਕੀਤੀ ਜਿਸ ਵਿੱਚ 1643.77 ਏਕੜ ਜ਼ਮੀਨ ਪੰਜਾਬ ਦੀ ਜਦਕਿ 1527.95 ਏਕੜ ਜ਼ਮੀਨ ਜੰਮੂ ਕਸ਼ਮੀਰ ਦੀ ਹੈ।
ਨਵੇਂ ਡੈਮ ਨਾਲ ਸਿੰਚਾਈ ਸਹੂਲਤਾਂ ਦਾ ਜ਼ਿਕਰ ਕਰਦਿਆਂ ਇਸ ਪ੍ਰਾਜੈਕਟ ਨਾਲ ਪੰਜਾਬ ਵਿੱਚ 5000 ਹੈਕਟੇਅਰ (12500 ਏਕੜ) ਵਿੱਚ ਸਿੰਚਾਈ ਸਹੂਲਤ ਹੋਵੇਗੀ ਜਿਸ ਨਾਲ ਮਾਝੇ ਇਲਾਕੇ ਦੇ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਸਮੇਤ ਹੋਰ ਜ਼ਿਲ੍ਹਿਆਂ ਦੇ ਖੇਤਾਂ ਵਿੱਚ ਪਾਣੀ ਪਹੁੰਚੇਗਾ। ਇਸ ਪ੍ਰਾਜੈਕਟ ਨਾਲ ਅਪਰ ਬਾਰੀ ਦੁਆਬ ਨਹਿਰ ਅਧੀਨ ਇਕ ਲੱਖ 18 ਹਜ਼ਾਰ ਹੈਕਟੇਅਰ ਰਕਬੇ ਲਈ ਹੁਣ ਨਿਰੰਤਰ ਸਿੰਚਾਈ ਸਹੂਲਤਾਂ ਮਿਲਣਗੀਆਂ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦੇ ਨਿਰਮਾਣ ਤੋਂ ਪਹਿਲਾਂ, ਰਣਜੀਤ ਸਾਗਰ ਡੈਮ ਪਾਵਰ ਹਾਊਸ ਸਵੇਰੇ ਤੇ ਸ਼ਾਮ ਸਮੇਂ ਬਿਜਲੀ ਦੀ ਵੱਧ ਲੋੜ ਹੋਣ ਦੇ ਮੌਕੇ ਆਪਣੀ ਪੂਰੀ 600 ਮੈਗਾਵਾਟ ਦੀ ਸਮਰੱਥਾ ਨਾਲ ਕੰਮ ਨਹੀਂ ਕਰ ਸਕਦਾ ਸੀ, ਕਿਉਂਕਿ ਹੇਠਾਂ ਪਾਣੀ ਸਟੋਰ ਕਰਨ ਲਈ ਕੋਈ ਰਿਜ਼ਰਵਾਇਰ ਮੌਜੂਦ ਨਹੀਂ ਸੀ ਅਤੇ ਪਾਣੀ ਪਾਕਿਸਤਾਨ ਅਜਾਈਂ ਚਲਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਸ਼ਾਹਪੁਰ ਕੰਢੀ ਡੈਮ ਦੇ ਚਾਲੂ ਹੋਣ ਨਾਲ, ਰਣਜੀਤ ਸਾਗਰ ਪਾਵਰ ਹਾਊਸ ਹੁਣ ਸਵੇਰੇ ਅਤੇ ਸ਼ਾਮ ਦੌਰਾਨ ਬਿਜਲੀ ਦੀ ਲੋੜ ਅਨੁਸਾਰ ਪ੍ਰਭਾਵਸ਼ਾਲੀ ਤਰੀਕੇ ਨਾਲ ਬਿਜਲੀ ਉਤਪਾਦਨ ਕਰ ਰਿਹਾ ਹੈ। ਰਣਜੀਤ ਸਾਗਰ ਡੈਮ ਤੋਂ ਛੱਡਿਆ ਗਿਆ ਪਾਣੀ ਹੁਣ ਸ਼ਾਹਪੁਰ ਕੰਢੀ ਰਿਜ਼ਰਵਾਇਰ ਵਿੱਚ ਸਟੋਰ ਕੀਤਾ ਜਾਂਦਾ ਹੈ। ਇਸ ਨਾਲ ਬਿਜਲੀ ਦਾ ਉਤਪਾਦਨ ਕਰਨ ਅਤੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਸਪਲਾਈ ਯਕੀਨੀ ਬਣ ਰਹੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸ਼ਾਹਪੁਰ ਕੰਢੀ ਡੈਮ ਦੀ ਉਚਾਈ 55.5 ਮੀਟਰ ਹੈ ਅਤੇ ਇਸ ਪ੍ਰਾਜੈਕਟ ਵਿੱਚ 7.7 ਕਿਲੋਮੀਟਰ ਹਾਈਡਲ ਚੈਨਲ ਹੋਵੇਗਾ। ਉਨ੍ਹਾਂ ਦੱਸਿਆ ਕਿ 206 ਮੈਗਾਵਾਟ ਦੀ ਸਮਰੱਥਾ ਵਾਲੇ ਦੋ ਬਿਜਲੀ ਘਰ (ਪਾਵਰ ਹਾਊਸ) ਬਣਾਏ ਜਾ ਰਹੇ ਹਨ ਅਤੇ ਇਨ੍ਹਾਂ ਦਾ 75 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਹ ਪ੍ਰਾਜੈਕਟ ਮਾਰਚ, 2026 ਤੱਕ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਜਿਸ ਨਾਲ ਬਿਜਲੀ ਦਾ ਉਤਪਾਦਨ ਸ਼ੁਰੂ ਹੋਵੇਗਾ।
ਸਿੰਚਾਈ ਸਹੂਲਤਾਂ ਲਈ ਡੈਮ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਡੈਮ ਨਾਲ ਤਿੰਨ ਨਵੀਆਂ ਨਹਿਰਾਂ ਦੇ ਨਿਰਮਾਣ ਦਾ ਕੰਮ ਵੀ ਅੰਤਿਮ ਪੜਾਅ ‘ਤੇ ਹੈ। ਉਨ੍ਹਾਂ ਦੱਸਿਆ ਕਿ ਸ਼ਾਹਪੁਰ ਕੰਢੀ ਡੈਮ ਦੇ ਉਪਰਲੇ ਪਾਸੇ ਇੱਕ ਝੀਲ ਬਣਾਈ ਗਈ ਹੈ, ਜਿਸ ਨੂੰ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਡੈਮ ਨਾਲ ਪੰਜਾਬ, ਉੱਤਰੀ ਭਾਰਤ ਵਿੱਚ ਵਾਟਰ ਸਪੋਰਟਸ ਨੂੰ ਵੱਡਾ ਹੁਲਾਰਾ ਦੇਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਾਹਪੁਰ ਕੰਢੀ ਡੈਮ, ਰਣਜੀਤ ਸਾਗਰ ਡੈਮ ਅਤੇ ਚਮਰੋੜ ਨੂੰ ਵਿਸ਼ਵ ਪੱਧਰੀ ਟੂਰਿਜ਼ਮ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੁਝ ਕੰਪਨੀਆਂ ਇਨ੍ਹਾਂ ਡੈਮਾਂ ਵਿੱਚ ਟੂਰਿਜ਼ਮ ਪ੍ਰਾਜੈਕਟ ਲਾਉਣ ਲਈ ਤਿਆਰ ਹਨ ਜਿਨ੍ਹਾਂ ਨਾਲ ਗੱਲਬਾਤ ਦਾ ਦੌਰ ਜਾਰੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵੱਡੀਆਂ ਕੰਪਨੀਆਂ ਇਸ ਇਲਾਕੇ ਦੀ ਖੂਬਰਸੂਰਤੀ ਤੋਂ ਬਹੁਤ ਆਕਰਸ਼ਿਤ ਹੈ ਜਿਸ ਕਰਕੇ ਇੱਥੇ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਹਨ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਬਰਿੰਦਰ ਕੁਮਾਰ ਗੋਇਲ ਅਤੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਤੇ ਹੋਰ ਹਾਜ਼ਰ ਸਨ।

Have something to say? Post your comment

 

More in Majha

ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਦੋ ਏਕੇ -ਸੀਰੀਜ਼ ਅਸਾਲਟ ਰਾਈਫਲਾਂ, ਇੱਕ ਆਧੁਨਿਕ ਪਿਸਤੌਲ ਬਰਾਮਦ

ਅੰਮ੍ਰਿਤਸਰ ਵਿੱਚ ਇੱਕ ਨਾਬਾਲਗ ਸਮੇਤ ਸੱਤ ਵਿਅਕਤੀ 15 ਆਧੁਨਿਕ ਪਿਸਤੌਲਾਂ ਨਾਲ ਗ੍ਰਿਫ਼ਤਾਰ

ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; ਨੌਂ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਹੁਨਰ ਵਿੱਚ ਹੋਰ ਨਿਖਾਰ ਲਿਆਉਣ ਲਈ "ਦਿ ਇੰਗਲਿਸ਼ ਐੱਜ" ਪ੍ਰੋਗਰਾਮ ਸ਼ੁਰੂ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਡਰੱਗ ਸਰਗਨਾ ਕਾਬੂ

ਤਸਕਰੀ ਮਾਡਿਊਲ ਨਾਲ ਜੁੜੇ ਚਾਰ ਵਿਅਕਤੀ 4 ਅਤਿ-ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਸੰਭਾਵੀ ਅੱਤਵਾਦੀ ਹਮਲਾ ਟਲਿ਼ਆ; ਅੰਮ੍ਰਿਤਸਰ ਵਿੱਚ ਆਰ.ਪੀ.ਜੀ. ਅਤੇ ਲਾਂਚਰ ਸਮੇਤ ਦੋ ਗ੍ਰਿਫ਼ਤਾਰ

ਤਸਕਰੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਚਾਰ ਗਲੋਕ ਪਿਸਤੌਲਾਂ, 2 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ

ਅੰਮ੍ਰਿਤਸਰ ਵਿੱਚ ਸੰਖੇਪ ਮੁਕਾਬਲੇ ਉਪਰੰਤ ਗੈਂਗਸਟਰ ਜਸਵੀਰ ਸਿੰਘ ਉਰਫ ਲੱਲਾ ਕਾਬੂ; ਪਿਸਤੌਲ ਬਰਾਮਦ

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਹਥਿਆਰ ਅਤੇ ਨਾਰਕੋ ਤਸਕਰੀ ਮਾਡਿਊਲ ਦਾ ਪਰਦਾਫਾਸ਼; 10 ਪਿਸਤੌਲਾਂ, 500 ਗ੍ਰਾਮ ਅਫੀਮ ਸਮੇਤ ਤਿੰਨ ਕਾਬੂ