124.49 ਲੱਖ ਮੀਟ੍ਰਿਕ ਟਨ ਝੋਨੇ ਦੀ ਹੋ ਚੁੱਕੀ ਖਰੀਦ
ਮੋਹਾਲੀ : ਪੰਜਾਬ ਰਾਜ ਦੀਆਂ ਸਮੂੰਹ ਮੰਡੀਆਂ ਵਿੱਚ ਝੋਨੇ ਦੀ ਆਮਦ, ਖਰੀਦ ਅਤੇ ਲਿਫਟਿੰਗ ਦੇ ਕਾਰਜ ਸੁਚੱਜੇ ਤਰੀਕੇ ਨਾਲ ਚੱਲ ਰਹੇ ਹਨ। ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਸਮੇਤ ਕਿਸੇ ਨੂੰ ਵੀ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੇ ਚੱਲ ਰਹੇ ਖਰੀਦ ਕਾਰਜਾਂ ਦਾ ਜਾਇਜਾ ਲੈਣ ਉਪਰੰਤ ਵਿਅਕਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਲਿਫਟਿੰਗ ਤੇਜੀ ਨਾਲ ਹੋ ਰਹੀ ਹੈ। ਖਰੀਦੀ ਗਈ ਫਸਲ ਦੀ ਲਗਭਗ 85 ਫੀਸਦੀ ਲਿਫਟਿੰਗ ਹੋ ਚੁੱਕੀ ਹੈ। ਪੰਜਾਬ ਰਾਜ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਲਈ 152 ਮੁੱਖ ਯਾਰਡ, 283 ਸਬ ਯਾਰਡ ਅਤੇ 1387 ਖ੍ਰੀਦ ਕੇਂਦਰ ਘੋਸ਼ਿਤ ਕੀਤੇ ਗਏ ਹਨ ਅਤੇ ਕਿਸਾਨਾਂ ਦੀ ਸਹੂਲਤ ਲਈ 715 ਆਰਜੀ ਖਰੀਦ ਕੇਂਦਰ ਵੀ ਬਣਾਏ ਗਏ ਹਨ।
ਸ. ਬਰਸਟ ਨੇ ਦੱਸਿਆ ਕਿ ਮੰਡੀਆਂ ਵਿੱਚ 2 ਨਵੰਬਰ ਤੱਕ 127.23 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ ਦੀ ਆਮਦ ਹੋਈ ਹੈ ਅਤੇ 124.49 ਲੱਖ ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਹੈ, ਜਿਸ ਵਿੱਚੋਂ ਸਰਕਾਰੀ ਏਜੰਸੀਆਂ ਵੱਲੋਂ 124.27 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਮੰਡੀਆਂ ਵਿੱਚੋਂ ਲੱਗਭੱਗ 105.79 ਲੱਖ ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦੇ ਝੋਨੇ ਬਾਰੇ ਦੱਸਦਿਆਂ ਚੇਅਰਮੈਨ ਨੇ ਕਿਹਾ ਕਿ ਪਨਗ੍ਰੇਨ ਵੱਲੋਂ 52.45 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ ਦੀ ਖਰੀਦ ਕੀਤੀ ਗਈ ਹੈ। ਇਸੇ ਤਰ੍ਹਾਂ ਮਾਰਕਫੈਡ ਵੱਲੋਂ 31.66 ਲੱਖ ਮੀਟ੍ਰਿਕ ਟਨ, ਪਨਸਪ ਵੱਲੋਂ 25.70 ਲੱਖ ਮੀਟ੍ਰਿਕ ਟਨ, ਵੇਅਰ ਹਾਉਸ ਵੱਲੋਂ 14.09 ਲੱਖ ਮੀਟ੍ਰਿਕ ਟਨ, ਐਫ.ਸੀ.ਆਈ. ਵੱਲੋਂ 0.37 ਲੱਖ ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 0.22 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਬੀਤੇ ਐਤਵਾਰ ਨੂੰ ਮੰਡੀਆਂ ਵਿੱਚ 4.40 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ ਦੀ ਆਮਦ ਹੋਈ ਹੈ, ਜਦਕਿ 4.47 ਲੱਖ ਮੀਟ੍ਰਿਕ ਟਨ ਦੀ ਖਰੀਦ ਹੋਈ ਹੈ ਅਤੇ 5.25 ਲੱਖ ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ, ਆੜ੍ਹਤੀਆਂ ਅਤੇ ਮਜਦੂਰਾਂ ਦੇ ਨਾਲ ਖੜ੍ਹੀ ਹੈ ਅਤੇ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆਂ ਜਾਵੇਗਾ। ਮੰਡੀਆਂ ਵਿੱਚ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸਦੇ ਲਈ ਸੂਬੇ ਦੀਆਂ ਮੰਡੀਆਂ ਵਿੱਚ ਸਾਫ਼-ਸਫਾਈ, ਬਿਜਲੀ, ਪੀਣ ਯੋਗ ਪਾਣੀ, ਬਾਥਰੂਮਾਂ, ਛਾਂ ਅਤੇ ਬੈਠਣ ਆਦਿ ਦੇ ਪੁਖਤਾਂ ਪ੍ਰਬੰਧ ਕੀਤੇ ਗਏ ਹਨ, ਤਾਂ ਕਿ ਕਿਸਾਨ ਆਪਣੀ ਫਸਲ ਨੂੰ ਬਿਨਾਂ ਕਿਸੇ ਦੇਰੀ ਤੋਂ ਵੇਚ ਸਕਣ। ਕਿਸਾਨਾਂ ਨੂੰ ਫਸਲ ਦੀ ਅਦਾਇਗੀ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾ ਰਹੀ ਹੈ।