ਮੋਹਾਲੀ : ਬੀਤੇ ਦਿਨ ਮੋਟਰ ਸਾਈਕਲ ਹਾਦਸੇ ਵਿੱਚ ਜ਼ਖ਼ਮੀ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਖ਼ਬਰਸਾਰ ਲੈਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਜਵੰਦਾ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਦਿਲਾਸਾ ਦਿੱਤਾ ਅਤੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਗੱਲ ਆਖੀ। ਫ਼ੋਰਟਿਸ ਹਸਪਤਾਲ ਮੋਹਾਲੀ ਦਿੱਲੀ ਜਾਣਕਾਰੀ ਅਨੁਸਾਰ ਰਾਜਵੀਰ ਜਵੰਦਾ ਦੀ ਸਥਿਤੀ ਹਾਲੇ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਵੈਂਟੀਲੇਟਰ ’ਤੇ ਹਨ। ਹਸਪਤਾਲ ਦੇ ਨਿਊਰੋ ਸਰਜਨ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਬਹੁ-ਅਨੁਸ਼ਾਸਨੀ ਟੀਮ ਵਲੋਂ ਰਾਜਵੀਰ ਜਵੰਦਾ ਦੇ ਮੈਡੀਕਲ ਪੈਰਾਮੀਟਰਜ਼ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਗਾਇਕ ਵੀ ਰਾਜਵੀਰ ਜਵੰਦਾ ਦਾ ਹਾਲ ਚਾਲ ਜਾਣ ਲਈ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਖੇ ਪਹੁੰਚ ਰਹੇ ਹਨ ਅਤੇ ਪਰਵਾਰ ਨੂੰ ਹੌਸਲਾ ਦੇ ਰਹੇ ਹਨ। ਪੰਜਾਬੀ ਗਾਇਕਾਂ ਵਲੋਂ ਲੋਕਾਂ ਨੂੰ ਅਤੇ ਵੱਖ ਵੱਖ ਥਾਈਂ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਰਾਜਵੀਰ ਜਵੰਦਾ ਲਈ ਅਰਦਾਸ ਕਰਨ।