ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਡਰੱਗ ਰਿਸਰਚ ਵਿਭਾਗ ਵੱਲੋਂ ਅੱਜ 'ਵਿਸ਼ਵ ਫਾਰਮਾਸਿਸਟ ਦਿਵਸ' ਮਨਾਇਆ ਗਿਆ। ਵਿਭਾਗ ਵੱਲੋਂ ਇਸ ਮੌਕੇ ਵਿਸ਼ੇ ਨਾਲ਼ ਸਬੰਧਤ ਪੋਸਟਰ ਸਿਰਜਣਾ ਮੁਕਾਬਲੇ ਕਰਵਾਏ ਗਏ ਜਿਸ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਭਾਗ ਮੁਖੀ, ਪ੍ਰੋ. ਯੋਗਿਤਾ ਬਾਂਸਲ ਨੇ ਇਸ ਮੌਕੇ ਬੋਲਦਿਆਂ 'ਵਿਸ਼ਵ ਫਾਰਮਾਸਿਸਟ ਦਿਵਸ' ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਇਸ ਖੇਤਰ ਨੂੰ ਜਨਤਕ ਸਿਹਤ ਦਾ ਰਾਖਾ ਕਰਾਰ ਦਿੰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਖੇਤਰ ਵਿੱਚ ਆਪਣੇ ਆਪ ਨੂੰ ਏਨਾ ਸਮਰੱਥ ਬਣਾਉਣ ਕਿ ਉਹ ਮਾਣ ਨਾਲ ਫਾਰਮਾਸਿਸਟ ਹੋਣ ਦਾ ਅਹਿਸਾਸ ਕਰ ਸਕਣ। ਇਸ ਮੌਕੇ ਕੀਤੀਆਂ ਸਾਰੀਆਂ ਗਤੀਵਿਧੀਆਂ ਦਾ ਸੰਚਾਲਨ ਪ੍ਰੋ. ਕੰਚਨ ਵੋਹਰਾ ਅਤੇ ਡਾ. ਗਗਨਪ੍ਰੀਤ ਕੌਰ ਨੇ ਕੀਤਾ। ਇਸ ਮੌਕੇ ਪ੍ਰੋ. ਰਾਜੇਸ਼ ਗੋਇਲ, ਪ੍ਰੋ. ਪਵਨ ਕ੍ਰਿਸ਼ਨ, ਪ੍ਰੋ. ਗੁਲਸ਼ਨ ਬਾਂਸਲ, ਡਾ. ਵਿਕਾਸ ਰਾਣਾ, ਡਾ. ਭਾਰਤੀ ਸਪਰਾ ਅਤੇ ਡਾ. ਡਿੰਪਲ ਆਦਿ ਮੌਜੂਦ ਰਹੇ।