ਯੂਨੀਵਰਸਿਟੀ ਦੇ ਇਸ ਵਿਭਾਗ ਨੇ ਵਿਗਿਆਨ ਖੇਤਰ ਦੀਆਂ ਬਹੁਤ ਸਾਰੀਆਂ ਨਾਮੀ ਸ਼ਖ਼ਸੀਅਤਾਂ ਪੈਦਾ ਕੀਤੀਆਂ: ਡਾ. ਜਗਦੀਪ ਸਿੰਘ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਜੀਵ-ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਅੱਜ ਆਪਣਾ 58ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੌਰਾਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਲਾਤਮਿਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ। ਜਿ਼ਕਰਯੋਗ ਹੈ ਕਿ ਉਪ-ਕੁਲਪਤੀ ਡਾ. ਜਗਦੀਪ ਸਿੰਘ ਯੂਨੀਵਰਸਿਟੀ ਦੇ ਇਸੇ ਵਿਭਾਗ ਦੇ ਵਿਦਿਆਰਥੀ ਰਹੇ ਹਨ।
ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਆਪਣੇ ਵਿਦਿਆਰਥੀ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਭਾਵੇਂ ਉਹ ਵੱਖ-ਵੱਖ ਨਾਮੀ ਅਦਾਰਿਆਂ ਵਿੱਚ ਕੰਮ ਕਰ ਚੁੱਕੇ ਹਨ ਪਰ ਆਪਣੀ ਪੰਜਾਬੀ ਯੂਨੀਵਰਸਿਟੀ ਅਤੇ ਵਿਸ਼ੇਸ਼ ਤੌਰ ਉੱਤੇ ਆਪਣੇ ਇਸ ਵਿਭਾਗ ਨਾਲ਼ ਜੁੜਨਾ ਉਨ੍ਹਾਂ ਲਈ ਆਪਣੀ ਜੜ ਨਾਲ਼ ਜੁੜਨ ਜਿਹਾ ਵੱਖਰਾ ਅਨੁਭਵ ਹੈ। ਉਨ੍ਹਾਂ ਇਸ ਗੱਲ ਉੱਤੇ ਖੁਸ਼ੀ ਪ੍ਰਗਟਾਈ ਕਿ ਵਿਭਾਗ ਨਿਰੰਤਰ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਇਸ ਵਿਭਾਗ ਨੇ ਵਿਗਿਆਨ ਖੇਤਰ ਦੀਆਂ ਬਹੁਤ ਸਾਰੀਆਂ ਨਾਮੀ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਵੀ ਆਪਣੀਆਂ ਜੜਾਂ ਨਾਲ਼ ਜੁੜੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਅਤੇ ਕੀੜੀਆਂ ਉੱਤੇ ਖੋਜ ਕਰਨ ਲਈ ਪ੍ਰਸਿੱਧ ਵਿਗਿਆਨੀ ਡਾ. ਹਿਮੇਂਦਰ ਭਾਰਤੀ ਨੂੰ, ਉਨ੍ਹਾਂ ਦੀ ਹਾਲ ਹੀ ਵਿੱਚ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੇ ਫ਼ੈਲੋ (ਐੱਫ. ਐੱਨ. ਏ.) ਵਜੋਂ ਹੋਈ ਚੋਣ ਕਾਰਨ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਵਿਭਾਗ ਮੁਖੀ ਡਾ. ਉਂਕਾਰ ਸਿੰਘ ਵੱਲੋਂ ਆਪਣੇ ਧੰਨਵਾਦੀ ਸ਼ਬਦਾਂ ਦੌਰਾਨ ਵਿਭਾਗ ਦੀਆਂ ਵਿਸ਼ੇਸ਼ਤਾਵਾਂ ਅਤੇ ਵੱਖ-ਵੱਖ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ। ਪ੍ਰੋਗਰਾਮ ਦੌਰਾਨ ਗਿੱਧਾ, ਭੰਗੜਾ, ਕਵਾਲੀ, ਗੀਤ ਆਦਿ ਪੇਸ਼ਕਾਰੀਆਂ ਨਾਲ਼ ਵਿਦਿਆਰਥੀਆਂ ਨੇ ਖੂਬ ਰੰਗ ਬੰਨ੍ਹਿਆ।
ਤਸਵੀਰ ਵੇਰਵੇ:
1. ਡਾ. ਹਿਮੇਂਦਰ ਭਾਰਤੀ ਨੂੰ ਸਨਮਾਨਿਤ ਕਰਦੇ ਹੋਏ ਉਪ-ਕੁਲਪਤੀ ਡਾ. ਜਗਦੀਪ ਸਿੰਘ, ਵਿਭਾਗ ਮੁਖੀ ਡਾ. ਉਂਕਾਰ ਸਿੰਘ ਅਤੇ ਹੋਰ
2. ਪ੍ਰੋਗਰਾਮ ਦੌਰਾਨ ਪੇਸ਼ਕਾਰੀ ਦਿੰਦੇ ਹੋਏ ਵਿਦਿਆਰਥੀ