ਸੁਨਾਮ : ਸੱਤ ਸਮੁੰਦਰੋਂ ਪਾਰ ਵਿਦੇਸ਼ੀ ਧਰਤੀ ਤੇ ਜਾਕੇ ਪੰਜਾਬੀ ਨੌਜਵਾਨ ਹੱਡਭੰਨਵੀਂ ਮਿਹਨਤ ਕਰਕੇ ਕਾਰੋਬਾਰ ਕਰਨ ਵਿੱਚ ਲੋਹਾ ਮਨਵਾਉਣ ਤੋਂ ਬਾਅਦ ਹੁਣ ਸਰਕਾਰੀ ਨੌਕਰੀਆਂ ਹਾਸਲ ਕਰਨ ਵਿੱਚ ਵੀ ਸਫਲਤਾ ਹਾਸਲ ਕਰਨ ਲੱਗੇ ਹਨ। ਅਜਿਹੇ ਦਿਸਹੱਦੇ ਪਾਰ ਕਰਦਿਆਂ ਸੁਨਾਮ ਦੇ ਅਰਸ਼ਜੀਤ ਸਿੰਘ ਨਾਮੀ ਨੌਜਵਾਨ ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਦੱਸਿਆ ਗਿਆ ਹੈ ਕਿ ਕੈਨੇਡਾ ਪੁਲਿਸ ਵਿੱਚ ਭਰਤੀ ਹੋਕੇ ਹਾਲ ਹੀ ਵਿੱਚ ਟ੍ਰੇਨਿੰਗ ਪੂਰੀ ਕਰਨ ਵਾਲੇ ਪੰਜ ਪੰਜਾਬੀ ਨੌਜਵਾਨ ਸ਼ਾਮਿਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਨੇਡਾ ਪੁਲਿਸ ਵਿੱਚ ਭਰਤੀ ਹੋਏ ਸੁਨਾਮ ਦੇ ਜੰਮਪਲ ਅਰਸ਼ਜੀਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਤਾਰਾ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਕੁੱਝ ਸਮਾਂ ਪਹਿਲਾਂ ਕੈਨੇਡਾ ਗਿਆ ਸੀ ਜਿੱਥੇ ਉਹ ਤਾਲੀਮ ਹਾਸਿਲ ਕਰਕੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਗਿਆ ਹੈ। ਇਸੇ ਦੌਰਾਨ ਪਰਮਿੰਦਰ ਸਿੰਘ ਧਾਲੀਵਾਲ, ਹਰਪਾਲ ਸਿੰਘ ਸਾਰੋਂ, ਗੁਰਮੇਲ ਸਿੰਘ ਅਤੇ ਜਸਵਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਦੇ ਨੌਜ਼ਵਾਨ ਵਿਦੇਸ਼ਾਂ ਵਿੱਚ ਜਾਕੇ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਰਸ਼ਜੀਤ ਸਿੰਘ ਦੀ ਮਿਹਨਤ ਤੋਂ ਨੌਜਵਾਨ ਪੀੜ੍ਹੀ ਨੂੰ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸੱਤ ਸਮੁੰਦਰੋਂ ਪਾਰ ਜਾਕੇ ਪੰਜਾਬੀਆਂ ਨੇ ਸਖ਼ਤ ਮਿਹਨਤ ਕਰਕੇ ਨਾਮੀਂ ਕਾਰੋਬਾਰ ਵੀ ਸਥਾਪਿਤ ਕੀਤੇ ਹਨ।