ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਪਿਛਲੇ ਤਿੰਨ ਮਹੀਨੇ ਤੋਂ ਹਿਮਾਚਲ ਅਤੇ ਪੰਜਾਬ ਵਿੱਚ ਹੋਈ ਬਾਰਿਸ਼ ਕਾਰਨ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਪੰਜਾਬ ਦਾ ਮਾਝਾ ਅਤੇ ਦੁਆਬਾ ਇਲਾਕਾ ਸੱਭ ਤੋਂ ਵੱਧ ਹੜ੍ਹਾਂ ਦੀ ਮਾਰ ਹੇਠ ਹੈ। ਮੀਂਹ ਲਗਾਤਾਰ ਪੈਣ ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਾਰਨ ਐਮਰਜੈਂਸੀ ਹਾਲਤਾਂ ਵਿੱਚ ਡੈਮਾਂ ਦੇ ਗੇਟ ਖੋਲ੍ਹਣ ਪਏ ਜਿਸ ਕਾਰਨ ਮਾਲਵਾ ਖੇਤਰ ਵਿੱਚ ਘੱਗਰ ਨਦੀ ਆਪਣਾ ਖ਼ਤਰਨਾਕ ਰੂਪ ਦਿਖਾ ਰਹੀ ਹੈ। ਬਰਸਾਤਾਂ ਦੇ ਸਮੇਂ ਦਰਿਆਵਾਂ ਦੇ ਕੰਢਿਆਂ ਨੇੜੇ ਵਸੇ ਪਿੰਡਾਂ ਅਤੇ ਕਸਬਿਆਂ ਵਿੱਚ ਹਰ ਸਾਲ ਤਬਾਹੀ ਹੁੰਦੀ ਹੈ ਪਰ ਜਿਹੜੀ ਤਬਾਹੀ 2025 ਵਿੱਚ ਹੋਈ ਹੈ ਉਸ ਨੂੰ 1988 ਦੇ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਵੀ ਵੱਡੀ ਤਬਾਹੀ ਮੰਨਿਆ ਜਾ ਰਿਹਾ ਹੈ। ਇਸ ਪਿਛਲੇ ਕਾਰਨ ਕੀ ਹਨ ਇਹ ਵੀ ਸਾਰਿਆਂ ਨੂੰ ਪਤਾ ਹਨ ਪਰ ਇਨ੍ਹਾਂ ਨਾਲ ਨੁਕਸਾਨ ਆਮ ਲੋਕਾਈ ਦਾ ਹੀ ਹੁੰਦਾ ਹੈ। ਪੰਜਾਬ ਨੇ ਤਾਂ ਡਿੱਗ ਡਿੱਗ ਮੁੜ ਖੜ੍ਹੇ ਹੋਣਾ ਹੀ ਸਿਖਿਆ ਹੈ। ਸਰਹੱਦੀ ਸੂਬਾ ਹੋਣ ਕਾਰਨ ਹਰ ਸਮੇਂ ਪੰਜਾਬ ਦੇ ਸਿਰ ਸਮੱਸਿਆ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਪੰਜਾਬ ਵਿੱਚ ਸਤਲੁਜ ਨੇੜਲੇ ਖੇਤਰ ਲੁਧਿਆਣਾ ਵਿੱਚ ਇਸ ਸਮੇਂ ਸਸਰਾਲੀ ਬੰਨ੍ਹ ਟੁੱਟਣ ਦੀਆਂ ਜਿਹੜੀਆਂ ਖ਼ਬਰਾਂ ਨਸ਼ਰ ਹੋਈਆਂ ਅਤੇ ਜਿਸ ਬਹਾਦਰੀ ਨਾਲ ਲੋਕਾਂ ਨੇ ਅਤੇ ਪ੍ਰਸ਼ਾਸਨ ਨੇ ਬੰਨ੍ਹ ਮਜ਼ਬੂਤ ਕੀਤਾ ਅਤੇ ਇਕ ਵੱਡੇ ਨੁਕਸਾਨ ਹੋਣ ਤੋਂ ਲੁਧਿਆਣਾ ਨੂੰ ਬਚਾਅ ਲਿਆ ਹੈ। ਇਹ ਸਿਰਫ਼ ਅਤੇ ਮਿਹਨਤ, ਹਿੰਮਤ ਅਤੇ ਹੌਸਲੇ ਨਾਲ ਹੀ ਹੋਇਆ ਹੈ। ਨੇੜਲੇ ਖੇਤਰ ਦੇ ਪਿੰਡਾਂ ਦੇ ਲੋਕਾਂ ਨੇ ਦਿਨ ਰਾਤ ਇਕ ਕਰਕੇ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਪ੍ਰਸ਼ਾਸਨ ਨੇ ਵੀ ਦਿਨ ਰਾਤ ਇਕ ਕਰ ਕੇ 72 ਘੰਟਿਆਂ ਵਿੱਚ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਉਪਰਾਲਾ ਕੀਤਾ ਹੈ। ਲੋਕਾਂ ਨੇ ਫ਼ੌਜ ਦੀ ਸਹਾਇਤਾ ਨਾਲ ਬੰਨ੍ਹ ਨੂੰ ਟੁੱਟਣ ਤੋਂ ਬਚਾਅ ਲਿਆ ਜਿਸ ਦੀ ਤਰੀਫ਼ ਕਰਨੀ ਬਣਦੀ ਹੈ। ਸਰਕਾਰਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਲੋਕਾਂ ਵਲੋਂ ਇਕਜੁੱਟ ਹੋ ਕੇ ਕਰ ਦਿੱਤਾ ਗਿਆ। ਇਸ ਤੋਂ ਸਬਕ ਸਿੱਖਣ ਦੀ ਲੋੜ ਹੈ।
ਸੁਰਜੀਤ ਸਿੰਘ