ਡੇਰਾਬਸੀ : ਡੇਰਾਬੱਸੀ ਦੇ ਨੇੜਲੇ ਇਲਾਕੇ ਮੁਬਾਰਿਕਪੁਰ ਵਿਖੇ ਰਾਮਲੀਲਾ ਗ੍ਰਾਊਂਡ, ਪ੍ਰੇਮ ਮੰਦਰ, ਤ੍ਰਿਵੇਦੀ ਕੈਂਪ ਵਿੱਚ ਸ਼੍ਰੀ ਮਹਾਕਾਲੇਸ਼ਵਰ ਜੋਤਿਰਲਿੰਗ ਸੰਸਥਾ ਵੱਲੋਂ ਇੱਕ ਵਿਸ਼ਾਲ ਜਾਗਰਣ ਦਾ ਆਯੋਜਨ ਕੀਤਾ ਗਿਆ। ਧਾਰਮਿਕ ਮਾਹੌਲ ਨਾਲ ਭਰਪੂਰ ਇਸ ਜਾਗਰਣ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਸ਼ਨੀਵਾਰ, 6 ਸਤੰਬਰ ਦੀ ਸ਼ਾਮ ਨੂੰ ਸਮਾਗਮ ਦੀ ਸ਼ੁਰੂਆਤ ਰਾਤ 8 ਵਜੇ ਭੰਡਾਰੇ ਨਾਲ ਕੀਤੀ ਗਈ, ਜਿਸ ਤੋਂ ਬਾਅਦ 9 ਵਜੇ ਜੋਤੀ ਪ੍ਰਚੰਡ ਹੋਈ। ਸਾਰੀ ਰਾਤ ਮਾਂ ਦੇ ਗੁਣਗਾਨ ਨਾਲ ਮਾਹੌਲ ਗੂੰਜਦਾ ਰਿਹਾ ਅਤੇ ਸੰਗਤਾਂ ਨੇ ਭਗਤੀ ਰਸ ਦਾ ਅਨੰਦ ਲਿਆ।
ਇਸ ਮੌਕੇ ਭਾਜਪਾ ਨੇਤਾ ਮਨਪ੍ਰੀਤ ਸਿੰਘ ਬੰਨੀ ਸੰਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਉਹਨਾਂ ਦੇ ਨਾਲ ਮੰਡਲ ਪ੍ਰਧਾਨ ਡੇਰਾਬੱਸੀ ਪਵਨ ਧੀਮਾਨ ਪੰਮਾ ਅਤੇ ਸਤੀਸ਼ ਕੁਮਾਰ (ਤਾਂਤਾਰਾਮ ਜਵੇਲਰਜ਼) ਨੇ ਵੀ ਆਪਣੀ ਹਾਜ਼ਰੀ ਭਰੀ। ਮੁੱਖ ਮਹਿਮਾਨ ਬੰਨੀ ਸੰਧੂ ਦਾ ਸਵਾਗਤ ਮਾਤਾ ਦੀ ਚੁੰਨੀ ਪਾ ਕੇ ਅਤੇ ਇੱਕ ਮੋਮੈਂਟੋ ਭੇਂਟ ਕਰਕੇ ਕੀਤਾ ਗਿਆ।
ਸੰਗਤਾਂ ਦੀ ਭਗਤੀ ਭਾਵਨਾ ਨੂੰ ਹੋਰ ਗਹਿਰਾ ਕਰਨ ਲਈ ਵਿਸ਼ਾਲ ਮਣੀ ਅਤੇ ਪਾਰਟੀ (ਮੁਕੇਰਿਆਂ ਵਾਲੇ) ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ। ਉਹਨਾਂ ਨੇ ਮਾਤਾ ਦੀਆਂ ਸ਼ਾਨਦਾਰ ਭੇਟਾਂ ਗਾ ਕੇ ਸਭ ਨੂੰ ਭਗਤੀ ਵਿੱਚ ਲੀਨ ਕਰ ਦਿੱਤਾ। ਰਾਤ ਭਰ ਚੱਲੇ ਜਾਗਰਣ ਦੌਰਾਨ ਝਾਕੀਆਂ ਨੇ ਵੀ ਸੰਗਤਾਂ ਦਾ ਮਨ ਮੋਹ ਲਿਆ ਅਤੇ ਸਵੇਰ ਦੀ ਆਰਤੀ ਤੱਕ ਭਗਤਾਂ ਦੀ ਭੀੜ ਬਣੀ ਰਹੀ।
ਆਪਣੇ ਸੰਬੋਧਨ ਵਿੱਚ ਬੰਨੀ ਸੰਧੂ ਨੇ ਪੰਜਾਬ ਦੀ ਸੁੱਖ ਸੰਭਾਲ ਦੀ ਕਾਮਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮਾਂ ਦਾ ਆਯੋਜਨ ਸਮਾਜ ਵਿੱਚ ਆਉਣ ਵਾਲੀ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਨਸ਼ਿਆਂ ਅਤੇ ਮੋਬਾਈਲ ਫੋਨਾਂ ਦੀ ਲੱਤ ਕਾਰਨ ਬੱਚਿਆਂ ਦੀ ਸਿਹਤ ਤੇ ਵਿਚਾਰਧਾਰਾ ਦੋਵਾਂ 'ਤੇ ਗਲਤ ਅਸਰ ਪੈ ਰਿਹਾ ਹੈ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਧਾਰਮਿਕ ਤੇ ਸੱਭਿਆਚਾਰਕ ਨਾਲ ਜੁੜਨ ਤਾਂ ਜੋ ਉਹ ਆਪਣੇ ਸੰਸਕਾਰਾਂ ਨਾਲ ਜੁੜੇ ਰਹਿਣ।