ਕਪੂਰਥਲਾ : ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇੱਕ ਸਖ਼ਤ ਬਿਆਨ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਤੋਂ ਤੁਰੰਤ ਜ਼ਿੰਮੇਵਾਰੀ ਤੈਅ ਕਰਨ ਅਤੇ ਢਾਂਚਾਗਤ ਸੁਧਾਰਾਂ ਦੀ ਮੰਗ ਕੀਤੀ ਹੈ। ਇਹ ਬਿਆਨ ਉਨ੍ਹਾਂ ਵੱਲੋਂ ਪੰਜਾਬ ਭਰ ਵਿੱਚ ਲੱਖਾਂ ਹੈਕਟੇਅਰਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਡੁੱਬਣ ਵਾਲੀਆਂ ਭਿਆਨਕ ਬਾਰਸ਼ਾਂ ਅਤੇ ਹੜ੍ਹ ਦੇ ਮੱਦੇਨਜ਼ਰ ਦਿੱਤਾ ਗਿਆ। ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬੀਬੀਐਮਬੀ ਦੀ ਅਸਮਰਥਾ ਅਤੇ ਗੈਰ-ਸਰਗਰਮੀ ‘ਤੇ ਗੰਭੀਰ ਚਿੰਤਾ ਜਤਾਈ, ਜਿਸ ਦੇ ਹਵਾਲੇ ਭਾਖੜਾ ਅਤੇ ਪੋਂਗ ਡੈਮ ਤੋਂ ਸੁਤਲਜ ਅਤੇ ਬਿਆਸ ਦਰਿਆਵਾਂ ਦਾ ਪਾਣੀ ਸੰਭਾਲਣਾ ਹੁੰਦਾ ਹੈ।
ਉਨ੍ਹਾਂ ਕਿਹਾ – “ਬੀਬੀਐਮਬੀ ਪੰਜਾਬ ਦੇ ਲੋਕਾਂ ਅਤੇ ਖੇਤੀਬਾੜੀ ਦੀ ਸੁਰਖਿਆ ਕਰਨ ਵਿੱਚ ਫੇਲ੍ਹ ਰਹੀ ਹੈ, ਸਮੇਂ-ਸਿਰ ਤੇ ਉਚਿਤ ਉਪਰਾਲੇ ਨਹੀਂ ਕੀਤੇ ਗਏ, ਜਿਸ ਕਰਕੇ ਇਹ ਤਬਾਹੀ ਵਾਪਰੀ ਹੈ।”
ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਬੀਬੀਐਮਬੀ ਦੀ ਕਾਰਗੁਜ਼ਾਰੀ ਵਿੱਚ ਲਾਪਰਵਾਹੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਅਤੇ ਇਸਦੇ ਕੰਮਕਾਜ ਨੂੰ ਹੋਰ ਪਾਰਦਰਸ਼ੀ, ਜਵਾਬਦੇਹ ਅਤੇ ਸੰਵੇਦਨਸ਼ੀਲ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦੁਹਰਾਇਆ ਕਿ ਸਾਨੂੰ ਆਪਣੇ ਕਿਸਾਨਾਂ, ਪੰਜਾਬ ਦੀ ਧਰਤੀ ਅਤੇ ਇਸ ਦੇ ਭਵਿੱਖ ਲਈ ਠੋਸ ਉਪਰਾਲੇ ਕਰਨੇ ਪੈਣਗੇ ।