ਟਾਂਗਰੀ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਟਾਂਗਰੀ ਨਦੀ ਦੇ ਨਾਲ ਲੱਗਦੇ ਦੂਧਨਸਾਧਾਂ ਸਬ-ਡਿਵੀਜ਼ਨ ਦੇ ਨਦੀ ਵਿੱਚੋਂ ਬਾਹਰ ਆਏ ਪਾਣੀ ਨਾਲ ਪ੍ਰਭਾਵਿਤ ਹੋਏ ਪਿੰਡਾਂ ਵਿੱਚ ਚੱਲ ਰਹੇ ਹੜ੍ਹ ਸੁਰੱਖਿਆ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸਡੀਐਮ ਕਿਰਪਾਲਵੀਰ ਸਿੰਘ, ਐਸਈ ਡਰੇਨੇਜ ਰਾਜਿੰਦਰ ਘਈ, ਐਕਸੀਅਨ ਪ੍ਰਥਮ ਗੰਭੀਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਉਨ੍ਹਾਂ ਨੇ ਟਾਂਗਰੀ ਬੰਨ੍ਹ ਦੀ ਮਜ਼ਬੂਤੀ ਦਾ ਨਿਰੀਖਣ ਕੀਤਾ ਅਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਕੇ ਜਮੀਨੀ ਹਕੀਕਤ ਜਾਣਨ ਸਮੇਤ ਨਾਗਰਿਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਡਿਪਟੀ ਕਮਿਸ਼ਨਰ ਨੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਤੇ ਹਰ ਸਮੇਂ ਮੁਸਤੈਦ ਹੈ, ਇਸ ਇਲਾਕੇ ਵਿੱਚ ਪਹਿਲਾਂ ਹੀ ਢੁਕਵੇਂ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ। ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਪਿੰਡ ਵਾਸੀਆਂ ਵਲੋਂ ਸਮਰਥਨ ਕਰਨ ਲਈ ਧੰਨਵਾਦ ਪ੍ਰਗਟ ਕੀਤਾ। ਸਥਾਨਕ ਲੋਕਾਂ ਤੋਂ ਪ੍ਰਾਪਤ ਜ਼ਮੀਨੀ ਪੱਧਰ ਦੀ ਫੀਡਬੈਕ 'ਤੇ ਕਾਰਵਾਈ ਕਰਦੇ ਹੋਏ, ਡਾ. ਪ੍ਰੀਤੀ ਯਾਦਵ ਨੇ ਡਰੇਨੇਜ ਵਿਭਾਗ ਨੂੰ ਤੁਰੰਤ ਉਪਾਅ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿੰਡ ਵਾਸੀਆਂ ਦੇ ਸਰਗਰਮ ਸਹਿਯੋਗ ਨਾਲ ਕਿਸੇ ਵੀ ਪਾੜ ਨੂੰ ਰੋਕਣ ਲਈ ਬੰਨ੍ਹ ਦੇ ਨਾਲ-ਨਾਲ ਹਰ 500 ਮੀਟਰ 'ਤੇ ਨਿਰੰਤਰ ਨਿਗਰਾਨੀ ਰੱਖਣ ਲਈ ਸਟਾਫ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪਾਣੀ ਦਾ ਪੱਧਰ ਜਲਦੀ ਹੀ ਘੱਟ ਜਾਵੇਗਾ।