ਕਿਹਾ ਪੀੜਤਾਂ ਦੀ ਮੱਦਦ ਲਈ ਸਿੱਖ ਕੌਮ ਨੇ ਨਿਭਾਇਆ ਮੋਹਰੀ ਫ਼ਰਜ਼
ਸੁਨਾਮ : ਕੁਦਰਤੀ ਆਫ਼ਤ ਕਾਰਨ ਪੰਜਾਬ ਅੰਦਰ ਲਗਾਤਾਰ ਪੈ ਰਹੇ ਮੀਂਹ ਅਤੇ ਪਹਾੜੀ ਇਲਾਕਿਆਂ ਵਿੱਚ ਬੱਦਲ ਫ਼ਟਣ ਨਾਲ ਸੂਬੇ ਵਿਚ ਆਏ ਹੜਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮੱਦਦ ਲਈ ਪੰਜਾਬ ਦੇ ਕੋਨੇ ਕੋਨੇ ਤੋਂ ਸੰਗਤਾਂ ਲੋੜੀਂਦੀਆਂ ਵਸਤਾਂ ਲੈਕੇ ਜਾ ਰਹੀਆਂ ਹਨ। ਸ਼ੁੱਕਰਵਾਰ ਨੂੰ ਸੁਨਾਮ ਨੇੜਲੇ ਪਿੰਡ ਉਗਰਾਹਾਂ ਵਿਖੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਗੁਰਪਿਆਰ ਸਿੰਘ, ਸਤਨਾਮ ਸਿੰਘ, ਹਰਦਿਆਲ ਸਿੰਘ, ਸੋਨੀ ਫੌਜੀ,ਭਿੰਦਰ ਸਿੰਘ, ਮੱਖਣ ਸਿੰਘ, ਜਗਸੀਰ ਸਿੰਘ ਅਤੇ ਜੀਤਾ ਸਿੰਘ ਸਮੇਤ ਹੋਰ ਨੌਜਵਾਨ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈਕੇ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਹਰੀਕੇ ਪੱਤਣ ਨੇੜਲੇ ਇਲਾਕੇ ਵਿੱਚ ਬਰਸਾਤੀ ਪਾਣੀ ਨੇ ਭਾਰੀ ਤਬਾਹੀ ਕੀਤੀ ਹੈ। ਕਿਸਾਨਾਂ ਦੀਆਂ ਫਸਲਾਂ ਖਤਮ ਹੋ ਚੁੱਕੀਆਂ ਹਨ, ਘਰਾਂ ਦੇ ਹਾਲਾਤ ਬਹੁਤ ਮਾੜੇ ਹੋ ਰਹੇ ਹਨ। ਮੀਂਹ ਦੇ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਜਥੇਬੰਦੀ ਨੇ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮੱਦਦ ਲਈ ਲੰਗਰ, ਦਵਾਈਆਂ ਅਤੇ ਤਰਪਾਲਾਂ ਆਦਿ ਲਿਜਾਈਆਂ ਗਈਆਂ ਹਨ। ਲੋੜ ਮੁਤਾਬਿਕ ਜਿਹੜੀਆਂ ਵਸਤਾਂ ਦੀ ਲੋੜ ਹੋਵੇਗੀ ਉਹ ਵੀ ਮੁਹਈਆ ਕਰਵਾਈਆਂ ਜਾਣਗੀਆਂ। ਵਾਰਿਸ ਪੰਜਾਬ ਦੀ ਜਥੇਬੰਦੀ ਦੇ ਆਗੂ ਗੁਰਪਿਆਰ ਸਿੰਘ ਅਤੇ ਸਤਨਾਮ ਸਿੰਘ ਨੇ ਕਿਹਾ ਕਿ ਕਿਸੇ ਵੀ ਇਲਾਕੇ ਅੰਦਰ ਆਈ ਬਿਪਤਾ ਵੇਲੇ ਪੰਜਾਬੀਆਂ ਖਾਸ ਕਰਕੇ ਸਿੱਖ ਕੌਮ ਨੇ ਮੋਹਰੀ ਹੋਕੇ ਪੀੜਤਾਂ ਦੀ ਮੱਦਦ ਕਰਨ ਲਈ ਯਤਨ ਕੀਤੇ ਹਨ। ਉਨ੍ਹਾਂ ਆਖਿਆ ਕਿ ਸਰਕਾਰਾਂ ਸਿਰਫ ਬਿਆਨਬਾਜ਼ੀ ਤੱਕ ਸੀਮਤ ਹਨ।