ਡੇਰਾਬੱਸੀ : ਹੜਾਂ ਦੀ ਤਬਾਹੀ ਹੇਠ ਆਏ ਲੋਕਾਂ ਦੀ ਪਰੇਸ਼ਾਨੀ ਵਧਦੀ ਜਾ ਰਹੀ ਹੈ। ਘੱਗਰ ਦਰਿਆ ਨੇ ਨੇੜਲੇ ਇਲਾਕਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸੇ ਕੜੀ ਵਿੱਚ ਡੇਰਾਬੱਸੀ ਦੇ ਬਿਲਕੁਲ ਘੱਗਰ ਦਰਿਆ ਕਿਨਾਰੇ ਪੈਂਦੇ ਪਿੰਡ ਇਬਰਾਹਿਮਪੁਰ ਦਾ ਵੀ ਹਾਲ ਬੇਹੱਦ ਨਾਜ਼ੁਕ ਹੈ।
ਅੱਜ ਭਾਜਪਾ ਨੇਤਾ ਮਨਪ੍ਰੀਤ ਸਿੰਘ ਬੰਨੀ ਸੰਧੂ ਆਪਣੀ ਟੀਮ ਸਮੇਤ ਪਿੰਡ ਇਬਰਾਹਿਮਪੁਰ ਪਹੁੰਚੇ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਦੁੱਖ-ਦਰਦ ਸੁਣਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਘੱਗਰ ਦਰਿਆ ਦੇ ਕਿਨਾਰੇ ਲੱਗਭਗ 30 ਕਿੱਲੇ ਫਸਲ ਸਮੇਤ ਕਾਫ਼ੀ ਜ਼ਮੀਨ ਵੀ ਦਰਿਆ ਵਿੱਚ ਵਹਿ ਗਈ ਹੈ। ਉਹਨਾਂ ਨੇ ਗਿਲਾ ਕੀਤਾ ਕਿ 2023 ਦੇ ਹੜਾਂ ਤੋਂ ਬਾਅਦ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇੱਥੇ ਹਾਲ ਚਾਲ ਜਾਣਨ ਨਹੀਂ ਆਇਆ ਅਤੇ ਨਾ ਹੀ ਘੱਗਰ ਦੇ ਕਿਨਾਰੇ ਕੋਈ ਪੱਕੀ ਮਰੰਮਤ ਜਾਂ ਸਫ਼ਾਈ ਹੋਈ ਹੈ।
ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਬੰਨ ਨੂੰ ਮਜ਼ਬੂਤ ਪੱਥਰਾਂ ਨਾਲ ਤਿਆਰ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਪਾਣੀ ਖੇਤਾਂ ਜਾਂ ਘਰਾਂ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਬੰਨੀ ਸੰਧੂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਹਮੇਸ਼ਾਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਵਚਨਬੱਧ ਹੈ। ਜੇਕਰ ਪੰਜਾਬ ਸਰਕਾਰ ਕੇਂਦਰ ਦੀਆਂ ਨੀਤੀਆਂ ਨੂੰ ਢੰਗ ਨਾਲ ਲਾਗੂ ਕਰੇ ਤਾਂ ਲੋਕਾਂ ਨੂੰ ਇਨ੍ਹਾਂ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਦੇ ਸਮੇਂ ਵੱਡੀ ਸਹਾਇਤਾ ਮਿਲ ਸਕਦੀ ਹੈ। ਉਹਨਾਂ ਨੇ ਕਿਹਾ ਭਾਜਪਾ ਵੱਲੋਂ ਵੀ ਕਿਸਾਨਾਂ ਅਤੇ ਮਜ਼ਦੂਰਾਂ ਲਈ ਕਈ ਸਕੀਮਾਂ ਬਣਾਈਆਂ ਗਈਆਂ ਹਨ ਤਾਂ ਜੋ ਹੜਾਂ ਜਾਂ ਬਿਮਾਰੀਆਂ ਦੇ ਸਮੇਂ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।
ਬੰਨੀ ਸੰਧੂ ਨੇ ਇਹ ਵੀ ਕਿਹਾ ਕਿ ਭਾਜਪਾ ਗਰੀਬ ਤੇ ਅਮੀਰ ਵਿੱਚ ਕੋਈ ਫਰਕ ਨਹੀਂ ਕਰਦੀ ਅਤੇ ਸਭ ਦੇ ਭਲੇ ਲਈ ਸੋਚਦੀ ਹੈ।