ਹੁਸ਼ਿਆਰਪੁਰ : "ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ 2025" ਵੱਲੋਂ ਉੱਚ ਸੰਗੀਤਕ ਸੇਵਾ ਲਈ ਪ੍ਰੋ. ਭੁਪਿੰਦਰ ਸਿੰਘ ਨੂੰ ਪੰਜਾਬ ਘਰਾਣਾ ਸੰਗੀਤ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।
ਪੁਰਾਤਨ ਕਲਾ ਪੰਜਾਬ ਘਰਾਣਾ ਤਬਲਾ ਵਾਦਨ ਸਿੱਖਿਆ ਕੇਂਦਰ ਸੁਸਾਇਟੀ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ), ਜਲੰਧਰ ਵੱਲੋਂ ਆਯੋਜਿਤ "ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ 2025" ਦੌਰਾਨ ਪ੍ਰਸਿੱਧ ਸੰਗੀਤ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਸਨਮਾਨਿਤ ਕੀਤਾ ਗਿਆ।
"ਭਾਰਤੀ ਸੰਗੀਤ ਦੀ ਸੇਵਾ ਵਿੱਚ 35 ਸਾਲਾਂ ਦੀ ਲਗਾਤਾਰ ਸਮਰਪਿਤ ਯਾਤਰਾ, ਸੰਗੀਤ ਦੀ ਵਿਦਿਆ ਨੂੰ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਅਤੇ ਗਲੋਬਲ ਪੱਧਰ 'ਤੇ ਪਹੁੰਚਾਉਣ ਵਾਲੀ ਮਹਾਨ ਭੂਮਿਕਾ ਲਈ ਇਹ ਸਨਮਾਨ ਉਨ੍ਹਾਂ ਨੂੰ ਭੇਟ ਕੀਤਾ ਗਿਆ।"
ਸੰਗੀਤਕ ਸਫਰ ਦੀ ਸ਼ੁਰੂਆਤ ਗਾਇਨ ਰੂਪ ਵਿੱਚ ਮੋਹਨ ਮੱਲ ਸੈਣੀ 'ਤੇ ਪ੍ਰੋਫੈਸਰ ਕਿਰਪਾਲ ਸਿੰਘ ਅਤੇ ਫਿਰ ਉੱਚ ਪੱਧਰ ਦੀ ਸਿੱਖਿਆ ਪੰਡਿਤ ਮਨੀ ਪ੍ਰਸਾਦ (ਕਿਰਾਨਾ ਘਰਾਨਾ) ਕੋਲੋਂ ਤਾਲੀਮ ਲਈ । ਤਬਲਾ ਵਾਦਨ ਦੀ ਸਿੱਖਿਆ ਪੰਡਤ ਰਾਮਾ ਕਾਂਤ ਅਤੇ ਉਸਤਾਦ ਅਲ੍ਹਾ ਰੱਖਾ (ਪੰਜਾਬ ਘਰਾਨਾ) ਤੋਂ ਪ੍ਰਾਪਤ ਕੀਤੀ। ਸਿਤਾਰ ਵਾਦਨ ਵਿੱਚ ਪ੍ਰੋਫੈਸਰ ਵਰਿੰਦਰ ਕੁਮਾਰ (ਇਟਾਵਾ ਘਰਾਨਾ) ਦੀ ਸੰਗਤ ਨਾਲ ਪਾਰੰਪਰਿਕ ਰੂਪ ਵਿਚ ਨਿਪੁਨਤਾ ਮਿਲੀ।
"ਪ੍ਰੋ. ਭੁਪਿੰਦਰ ਸਿੰਘ ਨੇ ਆਪਣੇ ਦੌਰ ਦੇ ਸੈਂਕੜੇ ਵਿਦਿਆਰਥੀਆਂ ਨੂੰ ਸ਼ਾਸ਼ਤਰੀ ਸੰਗੀਤ ਰਾਗਦਾਰੀ,ਗੀਤ ਗ਼ਜ਼ਲ ਗੁਰਮਤਿ ਸੰਗੀਤ , ਅਤੇ ਤਬਲਾ ਵਾਦਨ ਦੀ ਸਿੱਖਿਆ ਦੇ ਨਾਲ ਭਾਰਤੀ ਸੰਗੀਤ ਦੇ ਹੋਰ ਰੂਪਾਂ ਦੀ ਵਿਦਿਆ ਦੇਣ ਦੇ ਨਾਲ-ਨਾਲ ਸਿਤਾਰ, ਦਿਲਰੁਬਾ ਅਤੇ ਤਬਲੇ ਵਰਗੇ ਸਾਜਾਂ ਦੀ ਉੱਚ ਪੱਧਰੀ ਸਿਖਿਆ ਵੀ ਪ੍ਰਦਾਨ ਕੀਤੀ। ਅੱਜ ਉਹੀ ਵਿਦਿਆਰਥੀ ਹਰਿਵਾਲਵ ਸੰਗੀਤ ਸੰਮੇਲਨ ਦੇ ਨਾਲ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ਉੱਤੇ ਆਪਣਾ ਅਤੇ ਆਪਣੇ ਗੁਰੁ ਦੇ ਨਾਮ ਨੂੰ ਚਮਕਾ ਰਹੇ ਹਨ।"
ਪ੍ਰੋਫੈਸਰ ਭੁਪਿੰਦਰ ਸਿੰਘ ਦੇ ਤਿੰਨੋਂ ਬੱਚੇ ਵੀ ਸੰਗੀਤ ਨਾਲ ਗਹਿਰੀ ਸ਼ਰਧਾ ਰੱਖਦੇ ਹੋਏ ਇਸ ਵਿਧਾ ਵਿੱਚ ਕਾਰਜ਼ਸ਼ੀਲ ਹਨ। ਉਹ ਆਪਣੇ ਪਿਤਾ ਅਤੇ ਉਨ੍ਹਾਂ ਦੇ ਉਸਤਾਦਾਂ ਦੀ ਰਾਹਨੁਮਾਈ ਹੇਠ ਸੰਗੀਤਕ ਪਰੰਪਰਾਵਾਂ ਦੀ ਸੇਵਾ ਅਤੇ ਸੁਰੱਖਿਆ ਕਰ ਰਹੇ ਹਨ।
"ਸੰਗੀਤਕ ਰਸ ਦੇ ਸਮੁੰਦਰ ਵਿਚ ਡੁੱਬੀ ਉਨ੍ਹਾਂ ਦੀ ਜੀਵਨ ਯਾਤਰਾ ਕਈ ਇਨਾਮਾਂ ਅਤੇ ਸਨਮਾਨਾਂ ਨਾਲ ਰੰਗੀ ਹੋਈ ਹੈ। ਜਿਸ ਦੌਰਾਨ 2005 ਦੇ ਵਿਚ ਉਸਤਾਦ ਭੁਪਿੰਦਰ ਸਿੰਘ ਦੇ ਨਾਮ ਤੇ ਮੇਲਾ ਲੱਗਾ ਸੀ ਅਤੇ ਸੰਗੀਤ ਸਮਰਾਟ ਐਵਾਰਡ 2019' 'ਸ਼ਾਸਤਰੀ ਸੰਗੀਤ ਰਤਨ ਸਟੇਟ ਐਵਾਰਡ 2023', ਅਤੇ 'ਰਾਗ ਰਤਨ ਸੰਗੀਤ ਐਵਾਰਡ' ਵਰਗੇ ਅਨੇਕ ਮਾਣ-ਸਨਮਾਨ, ਉਨ੍ਹਾਂ ਦੀ ਕਲਾ-ਸਾਧਨਾ ਦੀ ਪ੍ਰਮਾਣਿਕਤਾ ਨੂੰ ਦਰਸਾਉਂਦੇ ਹਨ।"
"ਭਾਵੇਂ ਸਮਾਂ ਬਦਲ ਰਿਹਾ ਹੈ, ਪਰ ਪ੍ਰੋ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸੰਗੀਤ ਖੇਤਰ ਵਿੱਚ ਅਜੇ ਵੀ ਕਈ ਮਹੱਤਵਪੂਰਨ ਕਾਰਜ ਹੋ ਰਹੇ ਹਨ। ਉਨ੍ਹਾਂ ਦੇ ਦਿਸ਼ਾ-ਨਿਰਦੇਸ਼ ਹੇਠ ਕਈ ਪ੍ਰਸਿੱਧ ਅਕੈਡਮੀਆਂ ਸਰਗਰਮ ਹਨ, ਜਿਨ੍ਹਾਂ ਵਿੱਚ 'ਸਰਗਮ ਸੰਗੀਤ ਕਲਾ ਕੇਂਦਰ, ਜਲੰਧਰ', ' ਮਿਊਜ਼ਿਕ ਵਿੰਗ ਅਕੈਡਮੀ, ਭੁਲੱਥ', 'ਦਸ਼ਮੇਸ਼ ਸੰਗੀਤ ਅਕੈਡਮੀ, ਬਿਆਸ', 'ਖਾਲਸਾ ਹੇਰੀਟੇਜ ਸੰਗੀਤ ਅਕੈਡਮੀ, ਫਗਵਾੜਾ' ਅਤੇ 'ਸ਼੍ਰੀ ਗੁਰੂ ਰਵਿਦਾਸ ਅਕੈਡਮੀ, ਬੱਲਾਂ' ਵਿਸ਼ੇਸ਼ ਹਨ।