Wednesday, December 17, 2025

Malwa

ਨਿਗਮ ਮੁਲਾਜਮਾਂ ਵਲੋਂ ਕੀਤੀ ਵਾਇਰਲ ਵੀਡੀਓ ਨੂੰ ਮੇਅਰ ਨੇ ਕੀਤਾ ਸਿਰਿਓਂ ਖ਼ਾਰਜ

September 04, 2025 08:11 PM
Arvinder Singh

ਹਿਸਾਬ ਲੱਖਾਂ ਦਾ ਨਹੀਂ, ਕਰੋੜਾਂ ਦਾ ਲੈਣਾ ਬਾਕੀ : ਮੇਅਰ

 

ਪਟਿਆਲਾ : ਪਟਿਆਲਾ ਨਗਰ ਨਿਗਮ ਵਿੱਚ ਚੱਲ ਰਹੇ ਮਾਮਲਿਆਂ ਨੇ ਅੱਜ ਨਵਾਂ ਰੁੱਖ ਲੈ ਲਿਆ, ਜਦੋਂ ਕੁਝ ਮੁਲਾਜ਼ਮਾਂ ਵਲੋਂ ਜਾਰੀ ਕੀਤੀ ਗਈ ਵਾਇਰਲ ਵੀਡੀਓ ਨੇ ਸਵਾਲ ਖੜ੍ਹੇ ਕੀਤੇ। ਮੇਅਰ ਕੁੰਦਨ ਗੋਗੀਆ ਨੇ ਇਸ ਵੀਡੀਓ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਪੱਤਰਕਾਰਾਂ ਨੂੰ ਸਪਸ਼ਟ ਕੀਤਾ ਕਿ ਇਹ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਵਿਜੀਲੈਂਸ ਵਿਭਾਗ ਕੋਲ ਕਾਰਵਾਈ ਲਈ ਪਹੁੰਚੇ, ਉਸ ਤੋਂ ਬਾਅਦ ਹੀ ਇਹ ਵੀਡੀਓ ਸਾਹਮਣੇ ਆਈ, ਜਦਕਿ ਮੁਲਾਜ਼ਮਾਂ ਕੋਲੋਂ ਡੇਢ ਮਹੀਨੇ ਪਹਿਲਾਂ ਤੋਂ ਹੀ ਇਸ ਸਬੰਧੀ ਜਾਣਕਾਰੀ ਮੰਗੀ ਜਾ ਰਹੀ ਸੀ। ਮੇਅਰ ਗੋਗੀਆ ਨੇ ਕਿਹਾ ਕਿ ਉਹ ਲੋਕਾਂ ਵਲੋਂ ਵਿਕਾਸ ਲਈ ਭਰੇ ਟੈਕਸ ਦੇ ਪੈਸੇ ਦੀ ਇਕ ਇਕ ਪੈਸੇ ਦੀ ਜਾਂਚ ਕਰਵਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ, “ਇਹ ਹਿਸਾਬ ਲੱਖਾਂ ਦਾ ਨਹੀਂ, ਸਗੋਂ ਕਰੋੜਾਂ ਰੁਪਏ ਦਾ ਬਾਕੀ ਹੈ। ਇਸ ਲਈ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਜੇਕਰ ਗੜਬੜ ਵਿੱਚ ਸ਼ਾਮਲ ਮਿਲਦਾ ਹੈ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਮੁਲਾਜ਼ਮਾਂ ਵਲੋਂ ਵੀਡੀਓ ਜਾਰੀ ਕਰਨਾ ਸਿਰਫ਼ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। “ਜਦੋਂ ਸਾਡੇ ਵੱਲੋਂ ਵਿਜੀਲੈਂਸ ਦਫਤਰ ਪਹੁੰਚ ਕੀਤੀ ਗਈ, ਤਦੋਂ ਹੀ ਇਹ ਕਦਮ ਚੁੱਕਿਆ ਗਿਆ, ਜੋ ਆਪਣੇ ਆਪ ਸਵਾਲ ਖੜ੍ਹੇ ਕਰਦਾ ਹੈ.
ਉਨ੍ਹਾਂ ਦੱਸਿਆ ਕਿ ਹਿਸਾਬ ਸਿਰਫ਼ ਵਿਜੀਲੈਂਸ ਹੀ ਨਹੀਂ, ਸਗੋਂ ਟੈਕਨੀਕਲ ਟੀਮ ਨੂੰ ਨਾਲ ਲੈ ਕੇ ਕੀਤਾ ਜਾਵੇਗਾ ਤਾਂ ਜੋ ਪੂਰੀ ਪਾਰਦਰਸ਼ੀ ਜਾਂਚ ਹੋ ਸਕੇ। ਇਸ ਦੌਰਾਨ ਪਿਛਲੇ ਕੁਝ ਸਾਲਾਂ ਦੇ ਲੋਕਾਂ ਵਲੋਂ ਸ਼ਹਿਰ ਦੇ ਵਿਕਾਸ ਲਈ ਭਰੇ ਕਰੋੜਾ ਦੇ ਟੈਕਸ ਸਬੰਧੀ ਵਾਊਚਰਾਂ ਦੀ ਵੀ ਤਫ਼ਤੀਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਭਰਿਆ ਗਿਆ ਟੈਕਸ ਸ਼ਹਿਰ ਦੀਆਂ ਸੜਕਾਂ, ਸਫਾਈ, ਪਾਣੀ ਤੇ ਹੋਰ ਸੁਵਿਧਾਵਾਂ ਲਈ ਵਰਤਿਆ ਜਾਣਾ ਚਾਹੀਦਾ ਹੈ। ਜੇਕਰ ਕੋਈ ਇਸ ਫ਼ਰਜ਼ ਨਾਲ ਧੋਖਾ ਕਰਦਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਅੰਤ ਵਿੱਚ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਦੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। “ਮੈਂ ਲੋਕਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਟੈਕਸ ਦੇ ਹਰ ਪੈਸੇ ਦਾ ਹਿਸਾਬ ਲਿਆ ਜਾਵੇਗਾ ਅਤੇ ਇਸਨੂੰ ਸਿਰਫ਼ ਵਿਕਾਸ ਕਾਰਜਾਂ 'ਤੇ ਹੀ ਖਰਚ ਕੀਤਾ ਜਾਵੇਗਾ।

Have something to say? Post your comment