ਫਿਰੋਜ਼ਪੁਰ ਵਿਚ ਲੋੜਵੰਦ ਲੋਕਾਂ ਲਈ ਲਗਾਤਾਰ ਭੇਜੀ ਜਾ ਰਹੀ ਹੈ ਰਾਹਤ ਸਮੱਗਰੀ : ਚੇਅਰਮੈਨ ਭੰਗੂ
ਮਹਿਲ ਕਲਾਂ : ਜ਼ਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਤੋਂ ਅੱਜ ਵਿਧਾਇਕ ਅਤੇ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਸ. ਕੁਲਵੰਤ ਸਿੰਘ ਪੰਡੋਰੀ ਅਤੇ ਚੇਅਰਮੈਨ ਯੋਜਨਾ ਬੋਰਡ ਅਤੇ ਮਾਰਕੀਟ ਕਮੇਟੀ ਬਰਨਾਲਾ ਸ. ਪਰਮਿੰਦਰ ਸਿੰਘ ਭੰਗੂ ਦੀ ਅਗਵਾਈ ਹੇਠ ਇੱਥੇ ਅਨਾਜ ਮੰਡੀ ਤੋਂ ਪਸ਼ੂਆਂ ਲਈ ਅਚਾਰ ਦੀਆਂ 10 ਟਰਾਲੀਆਂ ਫਿਰੋਜ਼ਪੁਰ ਲਈ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਵਿਧਾਇਕ ਸ. ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਦੀ ਮਾਰ ਹੇਠ ਪੰਜਾਬ ਦੇ ਕਈ ਜ਼ਿਲ੍ਹੇ ਆਏ ਹੋਏ ਹਨ ਅਤੇ ਇਹ ਵੇਲਾ ਹੈ ਕਿ ਸਾਨੂੰ ਹੜ੍ਹ ਪੀੜਤ ਲੋਕਾਂ ਲਈ ਖੜ੍ਹਨਾ ਚਾਹੀਦਾ ਹੈ। ਓਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਲਈ ਜੁਟੀ ਹੋਈ ਹੈ ਅਤੇ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ 71 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਓਨ੍ਹਾਂ ਕਿਹਾ ਕਿ ਇਹ ਵੇਲਾ ਸਾਂਝੇ ਤੌਰ 'ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਹੈ। ਓਨ੍ਹਾਂ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਇਸ ਔਖੀ ਘੜੀ ਵਿੱਚ ਲੋਕਾਂ ਨਾਲ ਖੜ੍ਹਨ ਦੀ ਅਪੀਲ ਕੀਤੀ। ਇਸ ਮੌਕੇ ਚੇਅਰਮੈਨ ਯੋਜਨਾ ਬੋਰਡ ਅਤੇ ਮਾਰਕੀਟ ਕਮੇਟੀ ਬਰਨਾਲਾ ਸ. ਪਰਮਿੰਦਰ ਸਿੰਘ ਭੰਗੂ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਹੜ੍ਹ ਪੀੜਤਾਂ ਦੀ ਮਦਦ ਦੀ ਜ਼ਿੰਮੇਵਾਰੀ ਮਿਲੀ ਹੈ, ਇਸ ਲਈ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਲਗਾਤਾਰ ਰਾਹਤ ਸਮੱਗਰੀ ਓਥੋਂ ਦੇ ਲੋਕਾਂ ਦੀ ਮਦਦ ਲਈ ਭੇਜੀ ਜਾ ਰਹੀ ਹੈ ਅਤੇ ਅੱਜ ਪਸ਼ੂਆਂ ਲਈ ਅਚਾਰ ਭੇਜਿਆ ਜਾ ਰਿਹਾ ਹੈ।
ਇਸ ਮੌਕੇ ਸੀਨੀਅਰ ਆਗੂ ਰਮਨਦੀਪ ਸਿੰਘ ਗੁੰਮਟੀ, ਚੈਅਰਮੈਨ ਸੁਖਵਿੰਦਰ ਦਾਸ ਕੁਰੜ,ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਮਹਿਲ ਖੁਰਦ, ਮਨਜੀਤ ਸਿੰਘ ਸਹਿਜੜਾ ਬਲਾਕ ਪ੍ਰਧਾਨ ਸਰਪੰਚ ਸਰਬਜੀਤ ਸਿੰਘ ਸੰਬੂ ਮਹਿਲ ਕਲਾਂ, ਬਲਾਕ ਪ੍ਰਧਾਨ ਗੁਰਜੀਤ ਸਿੰਘ ਧਾਲੀਵਾਲ ਸਹਿਜੜਾ, ਸੀਨੀਅਰ ਆਗੂ ਮੋਹਿਤ ਗਰਗ ਪੀ ਏ ਹਰਮਨਜੀਤ ਸਿੰਘ, ਪੀ ਏ ਬਿੰਦਰ ਸਿੰਘ, ਵਿਜੇ ਸਿੰਘ ਮਹਿਲ ਖੁਰਦ,ਵੱਖ ਵੱਖ ਪਿੰਡਾਂ ਦੇ ਸਰਪੰਚ ਅਤੇ ਪਤਵੰਤੇ ਹਾਜ਼ਰ ਸਨ।