ਸਰਹਿੰਦ ਚੋਅ ਵਿੱਚ ਮੌਜੂਦਾ ਸਮੇਂ ਖੜ੍ਹੀ ਬੂਟੀ ਕਰ ਰਹੀ ਸੱਚ ਬਿਆਨ
ਸੁਨਾਮ : ਭਾਜਪਾ ਜ਼ਿਲ੍ਹਾ ਸੰਗਰੂਰ -2 ਦੇ ਪ੍ਰਧਾਨ ਦਾਮਨ ਥਿੰਦ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵੱਲੋਂ ਸੁਨਾਮ ਨੇੜਿਓਂ ਲੰਘਦੇ ਸਰਹਿੰਦ ਚੋਅ ਦੀ ਸਫ਼ਾਈ ਕਰਵਾਉਣ ਦੇ ਦਾਅਵਿਆਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਪਾਣੀ ਨਾਲ ਨੱਕੋ ਨੱਕ ਭਰੇ ਸਰਹਿੰਦ ਚੋਅ ਵਿੱਚ ਖੜੀ ਬੂਟੀ ਸਰਕਾਰ ਦੇ ਦਾਅਵਿਆਂ ਦਾ ਮੂੰਹ ਚਿੜਾ ਰਹੀ ਹੈ। ਭਾਜਪਾ ਆਗੂ ਦਾਮਨ ਬਾਜਵਾ ਨੇ ਕਿਹਾ ਕਿ ਸਰਹਿੰਦ ਚੋਅ ਸੁਨਾਮ ਦੀ ਹੱਦ ਤੋਂ ਲਗਭਗ ਪੰਦਰਾਂ ਕਿਲੋਮੀਟਰ ਤੱਕ ਲੰਘਦਾ ਹੈ, ਕਿਤੇ ਵੀ ਸਫ਼ਾਈ ਕੀਤੀ ਨਜ਼ਰ ਨਹੀਂ ਆ ਰਹੀ, ਮੌਜੂਦਾ ਹਾਲਾਤ ਸੱਚ ਬਿਆਨ ਕਰ ਰਹੇ ਹਨ। ਉਨ੍ਹਾਂ ਸਰਕਾਰ ਦੇ ਨੁਮਾਇੰਦਿਆਂ ਤੋਂ ਪੁੱਛਿਆ, 'ਕਿ ਕੀ ਪਿਛਲੇ ਇੱਕ ਸਾਲ ਵਿੱਚ ਸਰਹਿੰਦ ਚੋਅ ਦੀ ਸਫ਼ਾਈ ਕੀਤੀ ਗਈ ਸੀ? ਹਾਂ ਜਾਂ ਨਹੀਂ? ਜੇ ਨਹੀਂ, ਤਾਂ ਇਸ ਦੀ ਸਫ਼ਾਈ ਨਾ ਕਰਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੌਣ ਜ਼ਿੰਮੇਵਾਰ ਹੈ ? ਵੀਰਵਾਰ ਨੂੰ ਸੁਨਾਮ ਵਿਖੇ ਸਰਹਿੰਦ ਚੋਅ ਦੇ ਤਾਜ਼ਾ ਹਾਲਾਤ ਦਿਖਾਉਣ ਲਈ ਮੌਕੇ ਤੇ ਪੁੱਜੇ ਭਾਜਪਾ ਆਗੂ ਦਾਮਨ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਘਰ ਤੋਂ ਥੋੜ੍ਹੀ ਦੂਰੀ 'ਤੇ ਇਸ ਚੋਅ ਦੀ ਨਾਜ਼ੁਕ ਹਾਲਤ ਦੇਖੀ ਜਾ ਸਕਦੀ ਹੈ। ਚੋਅ ਦੇ ਵਿਚਕਾਰ ਜੰਗਲੀ ਬੂਟੀ ਸਰਕਾਰ ਦੇ ਦਾਅਵਿਆਂ ਨੂੰ ਬੇਨਕਾਬ ਕਰਦੀ ਸਪਸ਼ਟ ਦਿਖਾਈ ਦੇ ਰਹੀ ਹੈ। ਉਨ੍ਹਾਂ ਆਖਿਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬਰਿੰਦਰ ਗੋਇਲ ਡਰੇਨਾਂ ਦੀ ਸਫ਼ਾਈ ਦਾ ਜਾਇਜ਼ਾ ਲੈਣ ਦਾ ਸਿਰਫ਼ ਡਰਾਮਾ ਕਰ ਰਹੇ ਹਨ। ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਮੰਤਰੀ ਅਮਨ ਅਰੋੜਾ ਨੂੰ ਸਵਾਲ ਕੀਤਾ ਕਿ “ਸਰਹਿੰਦ ਚੋਅ ਦੇ ਨਾਲ ਵਾਕਿੰਗ ਟਰੈਕ ਕੀ ਤੁਸੀਂ ਆਪਣੇ ਘਰਾਂ ਵਿੱਚ ਮੀਂਹ ਦਾ ਪਾਣੀ ਦਾਖ਼ਲ ਨਾ ਹੋਣ ਤੋਂ ਰੋਕਣ ਲਈ ਬਣਾਇਆ ਹੈ? ਉਨ੍ਹਾਂ ਆਖਿਆ ਕਿ ਸਰਕਾਰ ਨੂੰ ਸਰਹਿੰਦ ਚੋਅ ਦੀ ਸਫ਼ਾਈ ਅਤੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਸੀ ਤਾਂ ਜੋ ਇਲਾਕੇ ਵਿੱਚ ਬਰਸਾਤੀ ਪਾਣੀ ਨਾਲ ਕਿਸੇ ਵੀ ਨੁਕਸਾਨ ਹੋਣ ਤੋਂ ਰੋਕਿਆ ਜਾਂਦਾ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਹਿੰਮਤ ਸਿੰਘ ਬਾਜਵਾ, ਅੰਮ੍ਰਿਤਪਾਲ ਸਿੰਘ, ਨਵਾਬ ਨਾਗਰਾ ਸਮੇਤ ਇਲਾਕੇ ਦੇ ਹੋਰ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।