ਸ਼ੇਰਪੁਰ : ਬੀਤੇ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਝੰਜੋੜ ਸੁੱਟਿਆ ਹੈ। ਜਿੱਥੇ ਪੂਰੇ ਪੰਜਾਬ ਭਰ ਅੰਦਰ ਵੱਡੀ ਪੱਧਰ ਤੇ ਜਾਨੀ- ਮਾਲੀ ,ਪਸ਼ੂਆਂ ਪੰਛੀਆਂ ਅਤੇ ਫਸਲਾਂ ਦਾ ਨੁਕਸਾਨ ਹੋਇਆ ਹੈ ਉੱਥੇ ਪਾਣੀ ਦੀ ਮਾਰ ਕਾਰਨ ਪੂਰੀ ਤਰ੍ਹਾਂ ਬਲੈਕ ਆਊਟ ਹੋਣ ਦੀਆਂ ਵੀ ਖਬਰਾਂ ਹਨ । ਇਥੋਂ ਤੱਕ ਕਿ ਪਾਵਰਕਾਮ ਦੇ ਕੁਝ ਮੁਲਾਜ਼ਮਾਂ ਨੂੰ ਸੇਵਾਵਾਂ ਦੌਰਾਨ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਹਨ। ਇਲਾਕੇ ਵਿੱਚ ਬੀਤੀ ਰਾਤ ਹੋਈ ਭਾਰੀ ਬਾਰਿਸ਼ ਦੌਰਾਨ ਸਥਾਨਕ 66 ਕੇ.ਵੀ ਗਰਿੱਡ ਕਾਤਰੋਂ ਜੋ ਲੋਕਾਂ ਨੂੰ ਬਿਹਤਰ ਸੇਵਾਵਾਂ ਦੇ ਰਿਹਾ ਸੀ ਦੇ ਅੰਦਰ ਬਹੁਤ ਜ਼ਿਆਦਾ ਪਾਣੀ ਭਰ ਜਾਣ ਕਾਰਨ ਹਜ਼ਾਰਾਂ ਖਪਤਕਾਰਾਂ ਦੀ ਬੱਤੀ ਘੰਟਿਆਂ ਬੱਧੀ ਗੁੱਲ ਰਹੀ। ਇਸ ਕਾਰਨ ਘਰੇਲੂ, ਇੰਡਸਟਰੀ ਸਮੇਤ ਕਮਰਸ਼ੀਅਲ ਬਿਜਲੀ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਪੇਸ਼ ਆਈਆਂ। ਅਧਿਕਾਰੀਆਂ ਨੇ ਕਿਹਾ ਕਿ ਉਹ ਵਿਸ਼ਵਾਸ ਤੋਂ ਆਉਂਦੇ ਹਨ ਕਿ ਬਿਜਲੀ ਸਪਲਾਈ ਜਲਦ ਬਹਾਲ ਕਰ ਦਿੱਤੀ ਜਾਵੇਗੀ । ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁਝ ਦਿਨ ਬਿਜਲੀ ਨੂੰ ਸੰਜਮ ਨਾਲ ਵਰਤਣ ਕਿਉਂਕਿ ਇੱਕ ਗਰਿੱਡ ਉੱਤੇ ਲੋਡ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਕਈ ਫੈਕਟਰੀਆਂ ਵਿਚ ਕਰਨੀ ਪਈ ਛੁੱਟੀ -
ਬਿਜਲੀ ਬੰਦ ਹੋਣ ਕਾਰਨ ਕਸਬੇ ਅੰਦਰ ਫੈਕਟਰੀਆਂ ਆਦਿ ਦਾ ਕੰਮਕਾਜ ਅੱਜ ਠੱਪ ਰਿਹਾ। ਵੱਖ-ਵੱਖ ਇਲਾਕਿਆਂ ਵਿਚ ਫੈਕਟਰੀਆਂ ਵਿੱਚ ਛੁੱਟੀ ਕਰਦੇ ਹੋਏ ਲੇਬਰ ਨੂੰ ਵਾਪਸ ਭੇਜ ਦਿੱਤਾ।