ਕਿਹਾ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਟੀਮ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਅਣਥੱਕ ਯਤਨ ਜਾਰੀ
ਡੇਰਾਬੱਸੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਪੰਜਾਬ ਤੇ ਆਈ ਕੁਦਰਤੀ ਆਫਤ ਨਾਲ ਨਜਿੱਠਣ ਲਈ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਦੀ ਸੰਭਵ ਮੱਦਦ ਕਰਨ ਲਈ ਪੂਰੀ ਤਰ੍ਹਾਂ ਇਕਜੁਟ ਹੋ ਕੇ ਹੜ੍ਹ ਪੀੜ੍ਹਤ ਲੋਕਾਂ ਦੀ ਸੇਵਾ ਬਿਨਾਂ ਕਿਸੇ ਭੇਦਭਾਵ ਤੋਂ ਕਰ ਰਹੀ ਹੈ।
ਇਹ ਪ੍ਰਗਟਾਵਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਆਪਣੇ ਮੁੱਖ ਦਫ਼ਤਰ ਤੋਂ ਦਾ ਬੱਸੀ ਮੁਬਾਰਕਪੁਰ ਟਰੱਕ ਯੂਨੀਅਨ ਅਤੇ ਵੱਖ-ਵੱਖ ਪਾਰਟੀ ਦੇ ਅਹੁਦੇਦਾਰਾਂ, ਐਨ.ਜੀ.ਓਜ਼ ਨਾਲ ਮਿਲਕੇ ਹੜ੍ਹ ਪੀੜਤਾਂ ਲਈ ਤਿਆਰ ਕੀਤੀ ਹੜ੍ਹ ਰਾਹਤ ਸਮੱਗਰੀ ਦੇ ਚਾਰ ਟਰੱਕ ਹਰੀਕੇ ਪੱਤਣ ਲਈ ਭੇਜਣ ਮੌਕੇ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਜੋ ਕਿ ਇਸ ਸਮੇਂ ਕੁਦਰਤੀ ਆਫਤ ਕਾਰਨ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਹਨ, ਉਨ੍ਹਾਂ ਦੀ ਮੱਦਦ ਕਰਨਾ ਸਾਡਾ ਪਹਿਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਤੱਕ ਹਰ ਤਰ੍ਹਾਂ ਦੀ ਸੰਭਵ ਮੱਦਦ ਪਹੁੰਚਾਉਣਾ, ਸਾਡੀ ਜ਼ਿੰਮੇਵਾਰੀ ਹੀ ਨਹੀਂ, ਬਲਕਿ ਇਹ ਇਨਸਾਨੀਅਤ ਦਾ ਫਰਜ਼ ਨਿਭਾਉਣਾ ਵੀ ਹੈ।
ਵਿਧਾਇਕ ਰੰਧਾਵਾ ਵੱਲੋਂ ਆਪਣੇ ਸਹਿਯੋਗੀਆਂ ਦੀ ਮੱਦਦ ਨਾਲ ਰਾਹਤ ਸਮੱਗਰੀ ਦੇ ਜੋ ਚਾਰ ਟਰੱਕ ਹਰੀ ਕੇ ਪੱਤਣ ਦੇ ਹੜ੍ਹ ਪੀੜਤਾਂ ਲਈ ਭੇਜੇ ਗਏ ਹਨ, ਰਾਹੀਂ 20 ਟਨ ਆਲੂ, 30 ਕੁਇੰਟਲ ਆਟਾ, 50 ਕੁਇੰਟਲ ਦਾਲ, 10 ਕੁਇੰਟਲ ਚਾਵਲ, 5 ਕੁਇੰਟਲ ਚੀਨੀ, 2 ਡੱਬੇ ਬਿਸਕੁੱਟ, 1 ਕੁਇੰਟਲ ਚਾਹ ਪੱਤੀ, 5 ਕੁਇੰਟਲ ਨਮਕ, 50-50 ਕਿਲੋ ਮਿਰਚਾਂ ਅਤੇ ਹਲਦੀ, 50 ਪੇਟੀਆਂ ਮੋਮਬੱਤੀਆਂ, 50 ਪੇਟੀਆਂ ਤੇਲ, 50 ਡੱਬੇ ਮਾਚਿਸ, 50 ਪੇਟੀਆਂ ਮੱਛਰਾਂ ਤੋਂ ਬਚਾਅ ਲਈ ਕੱਛੂਆਂ ਛਾਪ ਦੀਆਂ ਅਤੇ 100 ਪੇਟੀਆਂ ਪੀਣ ਵਾਲੇ ਪਾਣੀ ਦੀਆਂ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਪਸ਼ੂਆਂ ਲਈ 5 ਕੁਇੰਟਲ ਦਾਣਾ ਅਤੇ ਦੋ ਟਰੱਕ ਸਾਇਲੇਜ (ਅਚਾਰ) ਦੇ ਅਤੇ 1 ਟਰੱਕ ਤੂੜੀ ਦਾ ਭੇਜਿਆ ਗਿਆ।
ਐਮ.ਐਲ.ਏ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਤੋਂ ਇਲਾਵਾ ਹੜ੍ਹ ਪੀੜਤ ਪਰਿਵਾਰਾਂ ਨੂੰ ਕਿਸੇ ਵੀ ਹੋਰ ਸਮੱਗਰੀ ਦੀ ਲੋੜ ਪੈਂਦੀ ਹੈ ਤਾਂ ਅਸੀਂ ਉਨ੍ਹਾਂ ਦੀ ਮੱਦਦ ਲਈ ਤਿਆਰ ਖੜ੍ਹੇ ਹਾਂ ਅਤੇ ਤੁਰੰਤ ਲੋੜੀਂਦੀ ਸਮੱਗਰੀ ਉਨ੍ਹਾਂ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਡੇਰਾਬਸੀ ਹਲਕੇ ਦੇ ਬਹੁਤ ਸਾਰੇ ਲੋਕ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆ ਕੇ ਆਪਣਾ ਯੋਗਦਾਨ ਪਾ ਰਹੇ ਹਨ, ਜਿਸ ਦੇ ਉਹ ਤਹਿ ਦਿਲੋਂ ਧੰਨਵਾਦੀ ਹਨ।
ਵਿਧਾਇਕ ਰੰਧਾਵਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਕਿਆਂ ਦੇ ਹਾਲਾਤ ਬਹੁਤ ਖ਼ਰਾਬ ਹਨ। ਲੋਕ ਘਰਾਂ ਤੋਂ ਬੇਘਰ ਹੋ ਗਏ ਹਨ। ਉਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ। ਅਸੀਂ ਆਪਣੇ ਪੰਜਾਬ ਵਾਸੀਆਂ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਵਿੱਚ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਅਤੇ ਵਰਕਰ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ। ਉਹ ਆਪਣਾ ਫਰਜ਼ ਸਮਝਦੇ ਹੋਏ ਚਾਰਾ, ਪੀਣਯੋਗ ਪਾਣੀ ਅਤੇ ਖਾਣ ਵਾਲਾ ਸਮਾਨ ਇਕੱਠਾ ਕਰ ਹੜ੍ਹ ਪੀੜਤਾਂ ਤੱਕ ਪਹੁੰਚਾ ਰਹੇ ਹਨ। ਇਹ ਸਮਾਂ ਇੱਕ ਦੂਜੇ ਦਾ ਸਾਥ ਦੇਣ ਦਾ ਹੈ।