ਸੰਦੌੜ : ਮਾਲੇਰਕੋਟਲਾ ਦੇ ਇਤਿਹਾਸਕ ਪਿੰਡ ਫਿਰੋਜ਼ਪੁਰ ਕੁਠਾਲਾ ਵਿਖੇ ਵੱਡੇ ਘੱਲੂਘਾਰੇ ਦੇ ਮਹਾਨ ਯੋਧੇ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਤੀਜੇ ਮੁਖੀ ਸਿੰਘ ਸਾਹਿਬ ਜਥੇਦਾਰ ਸ਼ਹੀਦ ਬਾਬਾ ਸੁਧਾ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ 'ਚ ਬਣੇ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਚਾਨਣੀ ਦਸਮੀ ਦੇ ਸੁਭ ਅਵਸਰ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਰੰਧਾਵਾ, ਖਾਜ਼ਾਨਚੀ ਗੋਬਿੰਦ ਸਿੰਘ ਫੌਜ਼ੀ, ਬਾਬਾ ਜਗਦੀਪ ਸਿੰਘ ਚਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਜੋ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪੈੜੇ ਮੋਖੇ ਤੋਂ ਲਿਖਵਾਈ ਸੀ ਉਹ ਸਿੱਖ ਧਰਮ ਦਾ ਅਨਮੋਲ ਖਜ਼ਾਨਾ ਸੇਵਾਮੁਕਤ ਪ੍ਰਿੰਸੀਪਲ ਕਮਲੇਸ਼ ਕੁਮਾਰ ਮਾਲੇਰਕੋਟਲਾ ਦੇ ਘਰ 'ਚ ਸੁਸ਼ੋਭਿਤ ਸੀ ਅਤੇ ਉਹਨਾਂ ਦੇ ਭਤੀਜੇ ਨਰਿੰਦਰ ਸਿੰਘ ਹਿੰਦੀ ਮਾਸਟਰ ਦੇ ਸਮੂਹ ਪਰਿਵਾਰ ਵੱਲੋਂ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਪਿੰਡ ਕੁਠਾਲਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸੌਂਪੀ। ਇਹ ਇਤਿਹਾਸਕ ਜਨਮ ਪੱਤਰੀ ਕਮਲੇਸ਼ ਕੁਮਾਰ ਜੀ ਦੇ ਪਰਿਵਾਰ ਨੂੰ ਇਹਨਾਂ ਦੇ ਦਾਦਾ ਜੀ ਸ. ਮੋਹਨ ਸਿੰਘ ਪਿੰਡ ਮਤੋਈ ਤੋਂ ਪ੍ਰਾਪਤ ਹੋਈ ਸੀ ਜੋ ਕਿ ਤਰਖਾਣ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਸ. ਮੋਹਨ ਸਿੰਘ ਜੀ ਨੂੰ ਇਹ ਪੱਤਰੀ ਰਿਆਸਤ ਪਟਿਆਲਾ ਵਿਖੇ ਉਨ੍ਹਾਂ ਦੇ ਲੱਕੜੀ ਦੇ ਕੰਮ ਤੋਂ ਖੁਸ਼ ਹੋ ਕੇ ਕਿਸੇ ਅੰਗਰੇਜ਼ ਅਧਿਕਾਰੀ ਨੇ ਭੇਂਟ ਕੀਤੀ ਸੀ। ਜਿਸ ਨੂੰ ਹੁਣ ਗੁਰਦੁਆਰਾ ਸਾਹਿਬ ਜੀ ਵਿਖੇ ਭੇਂਟ ਕੀਤਾ ਗਿਆ। ਦਸਮੀ ਦੇ ਭੋਗ ਉਪਰੰਤ ਸ੍ਰੀ ਕਮਲੇਸ਼ ਕੁਮਾਰ ਜੀ ਨੇ ਸੰਗਤਾਂ ਨੂੰ ਆਪਣੀ ਲਿਖੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਜੀਵਨ ਦੀ ਕਵਿਤਾ ਸੁਣਾਕੇ ਨਿਹਾਲ ਕੀਤਾ।ਤੇ ਸੰਗਤਾਂ ਨੂੰ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਮਦਮਾ ਸਾਹਿਬ ਵਾਲੇ (ਹੱਥ ਲਿਖ਼ਿਤ ਸ਼ਹੀਦ ਭਾਈ ਮਨੀ ਸਿੰਘ ਜੀ) ਵਾਲੇ ਸਰੂਪ ਦੇ ਨਾਲ-ਨਾਲ ਇਸ ਜਨਮ ਪੱਤਰੀ ਦੇ ਵੀ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ । ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਪ੍ਰਿੰਸੀਪਲ ਸ੍ਰੀ ਕਮਲੇਸ਼ ਕੁਮਾਰ ਤੇ ਉਹਨਾਂ ਦੇ ਭਤੀਜੇ ਨਰਿੰਦਰ ਕੁਮਾਰ ਦਾ ਵਿਸ਼ੇਸ ਤੌਰ ਤੇ ਸਿਰੋਪਾਓ ਤੇ ਸ਼ਹੀਦ ਬਾਬਾ ਸੁਧਾ ਸਿੰਘ ਦੀ ਤਸਵੀਰ ਭੇਂਟ ਕਰਕੇ ਮਾਨ ਸਨਮਾਨ ਕੀਤਾ। ਪ੍ਰਧਾਨ ਵੱਲੋਂ ਆਈਆਂ ਸਨਮਾਨਯੋਗ ਸਖਸੀਅਤਾਂ ਤੇ ਸੰਗਤਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਸ਼੍ਰੀ ਮੁਹੰਮਦ ਅਸਗਰ (ਬੀ.ਐਨ.ਓ. ਮਾਲੇਰਕੋਟਲਾ), ਸ਼੍ਰੀ ਰਜਿੰਦਰ ਕੁਮਾਰ (ਪ੍ਰਿੰਸੀਪਲ ਸ਼ਹੀਦ ਬਾਬਾ ਸੁਧਾ ਸਿੰਘ ਸ.ਸ.ਸ.ਸ. ਕੁਠਾਲਾ), ਸ਼੍ਰੀ ਅਸਦ ਅਹਿਸਾਨ (ਏ.ਡੀ.ਐਸ.ਐਮ.) ਵੀ ਹਾਜ਼ਰ ਸਨ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਕਤ ਸਖਸ਼ੀਅਤਾਂ ਸਮੇਤ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਮਾਸਟਰ ਗੁਰਮੀਤ ਸਿੰਘ ਸੰਧੂ, ਸਤਿੰਦਰ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਪੰਨੂ, ਜੇ ਈ ਮਨਪ੍ਰੀਤ ਸਿੰਘ ਚਹਿਲ, ਨੰਬਰਦਾਰ ਨਿਰਮਲ ਸਿੰਘ, ਗ੍ਰੰਥੀ ਬਾਬਾ ਮਨਦੀਪ ਸਿੰਘ, ਗੁਰਦੀਪ ਸਿੰਘ ਚਹਿਲ, ਬਾਬਾ ਸੁਰਜੀਤ ਸਿੰਘ ਚਹਿਲ, ਕਿਸਾਨ ਆਗੂ ਤੇਜਵੰਤ ਸਿੰਘ ਕੁੱਕੀ, ਮਨਪ੍ਰੀਤ ਸਿੰਘ ਮਨੂ, ਹਰਵਿੰਦਰ ਸਿੰਘ ਚਹਿਲ, ਸਿੰਗਾਰਾ ਸਿੰਘ, ਗੁਰਜੰਟ ਸਿੰਘ ਸਮੇਤ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ।