ਡੇਰਾਬੱਸੀ : ਪੰਜਾਬ ਵਿੱਚ ਪਾਣੀ ਨਾਲ ਹਜ਼ਾਰਾਂ ਏਕੜ ਖੜੀ ਫਸਲ ਤਬਾਹ ਹੋ ਚੁੱਕੀ ਹੈ ,ਲੋਕ ਬੇਘਰ ਹੋ ਗਏ ਹਨl ਇਹਨਾਂ ਹਾਲਾਤਾਂ ਵਿੱਚ ਰਾਹਤ ਕਾਰਜ਼ ਸਾਰੀ ਪਾਰਟੀਆਂ ਨੂੰ ਇਕੱਠੇ ਮਿਲ ਕੇ ਕਰਨੇ ਚਾਹੀਦੇ ਹਨ l ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਸੀਨੀਅਰ ਆਗੂ ਐਸਐਮਐਸ ਸੰਧੂ ਨੇ ਹਾਲਾਤਾਂ ਤੇ ਚਿੰਤਾ ਪ੍ਰਗਟ ਕੀਤੀ l
ਸੰਧੂ ਨੇ ਕਿਹਾ ਕਿ ਇਹ ਸਮੱਸਿਆ ਕਿਸੇ ਇਕ ਪਾਰਟੀ ਜਾਂ ਵਿਅਕਤੀ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਹੈ। ਉਹਨਾਂ ਯਾਦ ਦਵਾਇਆ ਕਿ ਦੋ ਸਾਲ ਪਹਿਲਾਂ ਵੀ ਲਾਲੜੂ ਖੇਤਰ ਦੇ ਕਈ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸਨ। ਉਸ ਵੇਲੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਵੀ ਮੌਕੇ 'ਤੇ ਪਹੁੰਚੀ ਸਨ ਅਤੇ ਸਰਕਾਰ ਨੂੰ ਮਜ਼ਬੂਤ ਬੰਦ ਬਣਾਉਣ ਦੀ ਸਲਾਹ ਦਿੱਤੀ ਗਈ ਸੀ, ਤਾਂ ਜੋ ਭਵਿੱਖ ਵਿੱਚ ਐਸੀ ਤਬਾਹੀ ਤੋਂ ਬਚਿਆ ਜਾ ਸਕੇ।
ਉਹਨਾਂ ਕਿਹਾ ਕਿ ਜਦੋਂ ਵੀ ਐਸੀ ਮੁਸ਼ਕਲ ਆਉਂਦੀ ਹੈ ਤਾਂ ਸਾਨੂੰ ਸਭ ਨੂੰ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ। ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਬੇਨਤੀ ਕਰਦਾ ਹਾਂ ਕਿ ਇੱਕ ਫਲੱਡ ਰੀਲੀਫ ਫੰਡ ਬਣਾਇਆ ਜਾਵੇ, ਜਿਸ ਵਿੱਚ ਸਾਰੇ ਪੰਜਾਬ ਤੋਂ ਚੰਦਾ ਇਕੱਠਾ ਕਰਕੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ।
ਸੰਧੂ ਨੇ ਖ਼ਾਸ ਤੌਰ 'ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਅਪੀਲ ਕੀਤੀ ਕਿ ਉਹ ਪਹਿਲ ਕਰਣ ਅਤੇ ਸਾਰੀਆਂ ਪਾਰਟੀਆਂ ਨੂੰ ਇਕੱਠਾ ਕਰਕੇ ਇੱਕ ਰਾਹਤ ਫੰਡ ਦਾ ਗਠਨ ਕਰਨ। ਉਹਨਾਂ ਸੁਝਾਅ ਦਿੱਤਾ ਕਿ ਇਸ ਫੰਡ ਦੇ ਪਾਰਦਰਸ਼ੀ ਚੱਲਣ ਲਈ ਇੱਕ ਕਮੇਟੀ ਬਣਾਈ ਜਾਵੇ, ਤਾਂ ਜੋ ਲੋੜਵੰਦ ਪਰਿਵਾਰਾਂ ਤੱਕ ਤੁਰੰਤ ਸਹਾਇਤਾ ਪਹੁੰਚ ਸਕੇ।
ਸੰਧੂ ਨੇ ਜ਼ੋਰ ਦੇ ਕੇ ਕਿਹਾ ਕਿ ਹੜ੍ਹ ਵਰਗੀ ਆਫ਼ਤ ਮਨੁੱਖਤਾ ਲਈ ਸੰਕਟ ਹੈ। ਇਸਨੂੰ ਰਾਜਨੀਤਿਕ ਲਾਭ-ਹਾਨੀ ਨਾਲ ਜੋੜਨ ਦੀ ਬਜਾਏ, ਸਭ ਨੂੰ ਇਨਸਾਨੀਅਤ ਦੇ ਨਾਤੇ ਅੱਗੇ ਆ ਕੇ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ।