ਡੇਰਾਬੱਸੀ : ਭਾਜਪਾ ਨੇਤਾ ਮਨਪ੍ਰੀਤ ਸਿੰਘ ਬੰਨੀ ਸੰਧੂ ਅੱਜ ਭੰਖਰਪੁਰ ਪਹੁੰਚੇ ਅਤੇ ਉਥੇ ਘੱਗਰ ਦਰਿਆ ਦੀ ਮੌਜੂਦਾ ਸਥਿਤੀ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਘੱਗਰ ਦੇ ਤੇਜ਼ ਬਹਾਅ ਕਾਰਨ ਭੰਖਰਪੁਰ ਤੋਂ ਮੁਬਾਰਕਪੁਰ ਨੂੰ ਜਾਣ ਵਾਲੀ ਛੋਟੀ ਸੜਕ, ਜੋ ਸ੍ਰੀ ਮਾਰਕੰਡਾ ਮੰਦਰ ਦੇ ਸਾਹਮਣੇ ਨਾਲੋਂ ਲੰਘਦੀ ਹੈ, ਉੱਥੋਂ ਹੇਠਲੀ ਮਿੱਟੀ ਖਿਸਕਣ ਕਾਰਨ ਬਹੁਤ ਖ਼ਤਰਨਾਕ ਸਥਿਤੀ ‘ਚ ਆ ਗਈ ਸੀ। ਜੇ ਪਿੰਡ ਵਾਸੀਆਂ ਵੱਲੋਂ ਸਮੇਂ-ਸਿਰ ਇਸ ‘ਤੇ ਧਿਆਨ ਨਾ ਦਿੱਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਪੂਰੇ ਇਲਾਕੇ ਨੂੰ ਭਾਰੀ ਨੁਕਸਾਨ ਹੋ ਸਕਦਾ ਸੀ। ਬੰਨੀ ਸੰਧੂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਸਰਕਾਰ ਦੀ ਉਡੀਕ ਕਰਨ ਦੀ ਬਜਾਏ ਖੁਦ ਹੀ ਤੰਨ-ਮੰਨ-ਧਨ ਨਾਲ ਮੇਹਨਤ ਕਰਕੇ ਬੰਧ ‘ਤੇ ਕੱਟੇ ਲਾ ਕੇ ਹਾਲਾਤ ਨੂੰ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਇਹ ਦਲੇਰੀ ਕਾਬਿਲ-ਏ-ਤਾਰੀਫ਼ ਹੈ ਪਰ ਇਹ ਸਰਕਾਰ ਦਾ ਕੰਮ ਸੀ, ਜੋ ਉਸ ਨੇ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਸਿੱਧਾ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ 2023 ਦੇ ਹੜਾਂ ਤੋਂ ਬਾਅਦ ਵੀ ਸਰਕਾਰ ਨੇ ਕੋਈ ਸਿੱਖ ਨਹੀਂ ਲਈ। ਨਾ ਤਾਂ ਦਰਿਆਵਾਂ ਦੀ ਸਮੇਂ-ਸਿਰ ਸਫ਼ਾਈ ਕੀਤੀ ਗਈ, ਨਾ ਹੀ ਬੰਧਾਂ ਦੀ ਮੁਰੰਮਤ ਹੋਈ। ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਵੱਡੀ ਮਾਤਰਾ ਵਿੱਚ ਫੰਡ ਜਾਰੀ ਕੀਤੇ ਗਏ ਸਨ, ਪਰ ਇਹ ਪੈਸਾ ਕਿੱਥੇ ਵਰਤਿਆ ਗਿਆ, ਇਸ ਬਾਰੇ ਸਰਕਾਰ ਨੂੰ ਲੋਕਾਂ ਅੱਗੇ ਜਵਾਬ ਦੇਣਾ ਚਾਹੀਦਾ ਹੈ। ਬੰਨੀ ਸੰਧੂ ਨੇ ਕਿਹਾ ਕਿ ਜੇਕਰ ਲੋਕਾਂ ਦੀ ਸਹਿਮਤੀ ਨਾਲ ਘੱਗਰ ਦਰਿਆ ਦੀ ਪੂਰੀ ਸਫ਼ਾਈ ਕੀਤੀ ਜਾਂਦੀ ਤਾਂ 2023 ਵਰਗੇ ਹਾਲਾਤ ਦੁਬਾਰਾ ਸਾਹਮਣੇ ਨਾ ਆਉਂਦੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਅੱਜ ਵੀ ਹਜ਼ਾਰਾਂ ਲੋਕ ਡਰ ਦੇ ਸਾਏ ਹੇਠ ਜੀ ਰਹੇ ਹਨ। ਭਾਜਪਾ ਨੇਤਾ ਨੇ ਤੁਰੰਤ ਪ੍ਰਭਾਵ ਨਾਲ ਬੰਦਾਂ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਸਰਕਾਰ ਨੂੰ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਯਕੀਨੀ ਬਣਾਉਣੀ ਚਾਹੀਦੀ ਹੈ।