ਮਹਿਲ ਕਲਾਂ : ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਦੇ ਜਨਮ ਦਿਵਸ ਨੂੰ ਸਮਰਪਿਤ ਜੱਦੀ ਪਿੰਡ ਚੰਨਣਵਾਲ ਦੇ ਗੁਰਦੁਆਰਾ ਬਾਬਾ ਸਿੱਧ ਭੋਇ ਸਾਹਿਬ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਭਾਈ ਸਤਿਨਾਮ ਸਿੰਘ ਨਾਨਕਸਰ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਬਾਬਾ ਗੁਰਚਰਨ ਸਿੰਘ ਦਿੱਲੀ ਵਾਲੇ, ਬਾਬਾ ਅਰਵਿੰਦਰ ਸਿੰਘ ਨਾਨਕਸਰ ਕਲੇਰਾਂ, ਬਾਬਾ ਸੁਧ ਸਿੰਘ ਟੂਸਿਆਂ ਵਾਲੇ, ਬਾਬਾ ਰੇਸ਼ਮ ਸਿੰਘ ਖੁਖਰਾਣਾ ਅਤੇ ਸਮੂਹ ਪ੍ਰਬੰਧਕਾਂ ਨੇ ਸੰਤ ਬਾਬਾ ਘਾਲਾ ਸਿੰਘ ਨੂੰ ਸਿਰੋਪਾਉ, ਗੁਲਦਸਤੇ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਤ ਬਾਬਾ ਘਾਲਾ ਸਿੰਘ ਨੇ ਸੰਤ ਮਹਾਂਪੁਰਖਾਂ, ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਜਨਮ ਭੋਇ ਪਿੰਡ ਚੰਨਣਵਾਲ ਹੈ, ਇਹੀ ਧਰਤੀ ਉਨ੍ਹਾਂ ਦੀ ਧਾਰਮਿਕ ਸਿੱਖਿਆ ਦਾ ਮੁੱਢਲਾ ਕੇਂਦਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਤੇ ਸੰਤ ਨਰਾਇਣ ਸਿੰਘ ਦੀਆਂ ਫੇਰੀਆਂ ਦੇ ਸਮੇਂ ਤੋਂ ਹੀ ਧਰਮ ਪ੍ਰਚਾਰ ਦੀ ਲਹਿਰ ਇੱਥੇ ਵਹਿ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਿੰਡ ਚੰਨਣਵਾਲ ਅਤੇ ਹੋਰ ਆਲੇ ਦੁਆਲੇ ਦੇ ਪਿੰਡਾਂ 'ਚ ਅਗਲੇ ਦਿਨਾਂ ਵਿਚ ਵਿਸ਼ਾਲ ਧਾਰਮਿਕ ਸਮਾਗਮ ਕਰਵਾ ਕੇ ਸੰਗਤਾਂ ਨੂੰ ਗੁਰਸਿੱਖੀ ਨਾਲ ਜੋੜਿਆ ਜਾਵੇਗਾ। ਸੰਤ ਬਾਬਾ ਘਾਲਾ ਸਿੰਘ ਨੇ ਸਮੂਹ ਸੰਗਤਾਂ, ਐਨ.ਆਰ. ਆਈਜ., ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਖੁੱਲ੍ਹ ਕੇ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ ਨਾਨਕਸਰ ਕਲੇਰਾਂ ਤੋਂ ਟਰੱਕਾਂ 'ਚ ਭਰ ਕੇ ਹੜ੍ਹ ਪੀੜਤਾਂ ਲਈ ਸਹਾਇਤਾ ਸਮਗਰੀ ਭੇਜੀ ਜਾ ਰਹੀ ਹੈ। ਸੰਤ ਬਾਬਾ ਸੁੱਧ ਸਿੰਘ ਟੂਸਿਆਂ ਵਾਲਿਆਂ ਨੇ ਦੱਸਿਆ ਕਿ ਸੰਤ ਬਾਬਾ ਘਾਲਾ ਸਿੰਘ ਦੀ ਸਰਪ੍ਰਸਤੀ ਹੇਠ ਸੰਗਤਾਂ ਵਲੋਂ ਹਰ ਰੋਜ਼ ਕਿੱਟਾਂ ਤਿਆਰ ਕਰ ਕੇ ਹੜ੍ਹ ਪੀੜਤ ਇਲਾਕਿਆਂ 'ਚ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਧਰਮ ਪ੍ਰਚਾਰ ਰਾਹੀਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ, ਉਸੇ ਤਰ੍ਹਾਂ ਸਮਾਜ ਸੇਵਾ ਦੇ ਖੇਤਰ 'ਚ ਵੀ ਨਾਨਕਸਰ ਠਾਠ ਵੱਡਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਐਡਵੋਕੇਟ ਜਸਵੀਰ ਸਿੰਘ ਖੇੜੀ, ਪ੍ਰਧਾਨ ਸੁਰਜੀਤ ਸਿੰਘ, ਖ਼ਜ਼ਾਨਚੀ ਬਲਜੀਤ ਸਿੰਘ, ਭੋਲਾ ਸਿੰਘ ਮਾਂਗਟ, ਹਾਕਮ ਸਿੰਘ ਮੰਡੇਰ, ਰਾਮ ਸਿੰਘ ਮੰਡੇਰ, ਕਰਮਜੀਤ ਸਿੰਘ ਕੁਰੜ, ਸੁਖਵਿੰਦਰ ਸਿੰਘ, ਹੈੱਡ ਗ੍ਰੰਥੀ ਦਰਬਾਰਾ ਸਿੰਘ, ਸਰਪੰਚ ਕੁਲਵਿੰਦਰ ਕੋਰ ਧਾਲੀਵਾਲ, ਕੁਲਵੰਤ ਸਿੰਘ, ਸਤਿਨਾਮ ਸਿੰਘ ਭਦੌੜ, ਗੁਰਜੰਟ ਸਿੰਘ ਧਾਲੀਵਾਲ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਗੇਜਾ ਸਿੰਘ, ਭਾਈ ਬਿੰਦਰ ਸਿੰਘ, ਜੱਸਾ ਸਿੰਘ, ਭਾਈ ਗੋਰਾ ਸਿੰਘ, ਦਰਸ਼ਨ ਸਿੰਘ ਖਾਲਸਾ, ਸੁਰਜਨ ਸਿੰਘ ਚੰਨਣਵਾਲ, ਸੁਖਵਿੰਦਰ ਸਿੰਘ ਸੁੱਖੀ, ਮਿਸਤਰੀ ਕੁਲਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।