ਸੁਨਾਮ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਡਰੇਨਜ਼ ਦੀ ਸਫਾਈ ਦੇ ਨਾਂਅ 'ਤੇ ਹੋਏ ਘਪਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਡਰੇਨਾਂ ਦੀ ਸਫਾਈ ਹਕੀਕਤ ਵਿੱਚ ਨਾ ਹੋਣ ਦੇ ਤੱਥ ਉਜਾਗਰ ਹੋਏ ਹਨ ਇਸ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਸਮੁੱਚੇ ਪੰਜਾਬ ਅੰਦਰ ਹੜ੍ਹਾਂ ਦਾ ਸੰਕਟ ਗਹਿਰਾ ਹੋ ਰਿਹਾ ਹੈ ਪਰ ਅਜਿਹੇ ਮਾਮਲੇ ਵੀ ਸਾਹਮਣੇ ਆਏ ਜਿਥੇ ਡਰੇਨਜ਼ ਵਿਭਾਗ ਦੀਆਂ ਕਮੀਆਂ ਤੇ ਅਣਗਹਿਲੀਆਂ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ ਤੇ ਹਜ਼ਾਰਾਂ ਏਕੜ ਫਸਲਾਂ ਤਬਾਹ ਹੋਈਆਂ ਤੇ ਘਰ ਢਹਿ ਗਏ । ਪੁਨਰ ਸੁਰਜੀਤ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਐਤਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਲਹਿਰਾ ਤੇ ਦਿੜਬਾ ਇਲਾਕੇ ਦੇ ਡਰੇਨਾਂ ਨਾਲ ਲਗਦੇ ਬਹੁਤ ਸਾਰੇ ਪਿੰਡਾਂ ਵਿੱਚ ਭਾਰੀ ਤਬਾਹੀ ਹੋਈ ਹੈ ਸਿਤਮ ਦੀ ਗੱਲ ਹੈ ਕਿ ਡਰੇਨਜ਼ ਵਿਭਾਗ ਇਸ ਹਲਕੇ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਕੋਲ ਹੋਣ ਦੇ ਬਾਵਜੂਦ ਡਰੇਨਜ਼ ਦੀ ਸਫਾਈ ਨਾ ਹੋਣ ਕਾਰਨ ਹਲਕੇ ਦੇ ਲੋਕਾਂ ਨੂੰ ਹੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਹਲਕੇ ਦਾ ਡਰੇਨਜ਼ ਵਿਭਾਗ ਦਾ ਮੰਤਰੀ ਹੋਣ ਕਰਕੇ ਬਾਰਸ਼ਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਵਿੱਚ ਵੱਡੀ ਮੱਦਦ ਮਿਲਦੀ ਪਰ ਸਭ ਕੁਝ ਇਸਦੇ ਉਲਟ ਵਾਪਰਿਆ ਉਹਨਾਂ ਕਿਹਾ ਕਿ ਇਲਾਕੇ ਦੇ ਪਿੰਡਾਂ ਵਿੱਚ ਹੋਏ ਨੁਕਸਾਨ ਤੋਂ ਪੰਜਾਬ ਸਰਕਾਰ ਤੇ ਸਬੰਧਤ ਮੰਤਰੀ ਜਿੰਮੇਵਾਰੀ ਤੋਂ ਕਦਾਚਿਤ ਨਹੀਂ ਬਚ ਸਕਦੇ । ਢੀਂਡਸਾ ਨੇ ਕਿਹਾ ਕਿ ਸਿਆਸੀ ਤੇ ਕਾਰੋਬਾਰੀ ਹਿੱਤਾਂ ਨੂੰ ਲੋਕ ਪੱਖੀ ਕਾਰਜਾਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਡਰੇਨਜ਼ ਦੀ ਸਫਾਈ ਦੇ ਟੈਂਡਰ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਹੀ ਹੋ ਗਏ ਸਨ ਇਹ ਗੱਲ ਵੀ ਕੰਧ ਉੱਤੇ ਲਿਖੇ ਸੱਚ ਵਾਂਗ ਹੈ ਕਿ ਡਰੇਨਜ਼ ਵਿਭਾਗ ਦੇ ਮੰਤਰੀ ਦੀ ਕਥਿਤ ਸਹਿਮਤੀ ਬਿਨਾਂ ਇਹ ਟੈਂਡਰ ਮੰਤਰੀ ਦੇ ਖਾਸਮਖਾਸ ਠੇਕੇਦਾਰ ਨੂੰ ਮਿਲਣਾ ਸੀ ਫਿਰ ਐਨਾ ਸਮਾਂ ਰਜਬਾਹਿਆਂ ਤੇ ਨਾਲਿਆਂ ਅੰਦਰ ਵੱਡੇ ਵੱਡੇ ਦਰੱਖ਼ਤ, ਕਾਂਗਰਸੀ ਘਾਹ,ਪਾਣੀ ਰੋਕਣ ਵਾਲੀਆਂ ਭਾਰੀ ਜੜੀਆਂ ਬੂਟੀਆਂ ਕਿਵੇਂ ਉੱਗੀਆਂ ਰਹੀਆਂ ਜਦਕਿ ਪੇਮੈਂਟਾਂ ਜਾਰੀ ਹੋ ਗਈਆਂ । ਉਨ੍ਹਾਂ ਕਿਹਾ ਕਿ ਇਹ ਲਾਪ੍ਰਵਾਹੀ ਨਹੀਂ ਸਗੋਂ ਕਥਿਤ ਲੁੱਟ ਦੀ ਮੂੰਹ ਬੋਲਦੀ ਤਸਵੀਰ ਹੈ ਉਹਨਾਂ ਕਿਹਾ ਕਿ ਇਲਾਕੇ ਦੇ ਲੋਕ ਇੱਕ ਅਧਿਕਾਰੀ ਨੂੰ ਸਸਪੈਂਡ ਕਰਨ ਦੀ ਹੀ ਨਹੀਂ ਸਗੋਂ ਡਰੇਨਜ਼ ਦੀ ਸਫਾਈ ਬਾਰੇ ਜਾਰੀ ਫੰਡਾਂ ਦੀ ਉੱਚ ਪੱਧਰ ਦੀ ਜਾਂਚ ਮੰਗ ਕਰ ਰਹੇ ਹਨ ਜਿਹਨਾਂ ਦੇ ਘਪਲੇ ਕਾਰਨ ਉਹਨਾਂ ਦੀਆਂ ਫਸਲਾਂ ਤਬਾਹ ਹੋਈਆਂ ਤੇ ਘਰ ਢਹਿ ਗਏ ਹਨ।