ਜਲਦ ਤੋਂ ਜਲਦ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਸਰਕਾਰ : ਝਿੰਜਰ
ਜੇਕਰ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ
ਘਨੌਰ : ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਝਿੰਜਰ ਨੇ ਹੜ੍ਹ ਪੀੜਤਾਂ ਦੀ ਸਥਿਤੀ ਬਾਰੇ ਪੰਜਾਬ ਸਰਕਾਰ ਦੀ ਨਾਕਾਮੀ ਅਤੇ ਉਦਾਸੀਨਤਾ 'ਤੇ ਗਹਿਰਾ ਅਫ਼ਸੋਸ ਜਤਾਇਆ ਹੈ। ਝਿੰਜਰ ਨੇ ਦੱਸਿਆ ਕਿ ਹਲਕਾ ਘਨੌਰ ਦੇ ਦਰਜਨ ਦੇ ਕਰੀਬ ਪਿੰਡ ਘੱਗਰ ਦਰਿਆ ਦੀ ਮਾਰ ਹੇਠ ਹਨ। ਝਿੰਜਰ ਨੇ ਪਿੰਡ ਕਾਮੀ ਖ਼ੁਰਦ, ਲਾਛੜੂ ਕਲਾਂ, ਚਮਾਰੂ, ਜੰਡ ਮੰਗੋਲੀ ਵਿੱਚ ਪੈਂਦੇ ਘੱਗਰ ਦਰਿਆ ਵਿੱਚ ਪਏ ਪਾੜ ਕਾਰਨ ਹੋਏ ਨੁਕਸਾਨ ਦੀ ਤਸਦੀਕ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਜੋ ਕਿ ਪੱਕਣ ਦੇ ਕਰੀਬ ਸਨ ਉਹ ਤਬਾਹ ਹੋ ਗਈਆਂ ਹਨ। ਉਹਨਾਂ ਨੇ ਜ਼ਮੀਨੀ ਪੱਧਰ 'ਤੇ ਪੀੜਤ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਝਿੰਜਰ ਨੇ ਪਿੰਡ ਸਰਾਲਾ ਕਲਾਂ, ਸਰਾਲਾ ਖ਼ੁਰਦ, ਹਰਪਾਲਾਂ ਅਤੇ ਰਾਮਪੁਰ ਦਾ ਵੀ ਦੌਰਾ ਕੀਤਾ। ਇਸ ਮੌਕੇ ਗੁਰਜੰਟ ਸਿੰਘ ਮਹਿਦੂਦਾ, ਪਰਮਿੰਦਰ ਸਿੰਘ ਭੰਗੂ, ਪਰਮਿੰਦਰ ਸਿੰਘ ਸਰਵਾਰਾ, ਸਹਿਜ ਕਾਮੀ ਖ਼ੁਰਦ, ਸਤਨਾਮ ਸਿੰਘ ਜੰਡ ਮੰਗੋਲੀ, ਅਮਨਦੀਪ ਸਿੰਘ ਸਰਾਲਾ, ਦਰਸ਼ਨ ਕਾਮੀ ਖ਼ੁਰਦ ਆਦਿ ਇਲਾਕੇ ਦੇ ਸੀਨੀਅਰ ਆਗੂ ਨਾਲ ਮੌਜੂਦ ਸਨ। ਝਿੰਜਰ ਨੇ ਅੱਗੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।