ਲਾਲੜੂ : ਭਾਜਪਾ ਨੇਤਾ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਅੱਜ ਲਾਲੜੂ ਦੇ ਪਿੰਡਾਂ ਆਲਮਗੀਰ ਅਤੇ ਟਿਵਾਣਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕ ਦੂਜੇ ਦਾ ਸਾਥ ਦੇਣ ਲਈ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਪਿੰਡ ਦੇ ਲੋਕ ਏਕਤਾ ਨਾਲ ਖੜ੍ਹੇ ਰਹਿੰਦੇ ਹਨ ਤਾਂ ਹਰ ਸਮੱਸਿਆ ਤੋ ਨਜਿੱਠਿਆ ਜਾ ਸਕਦਾ ਹੈ। ਬੰਨੀ ਸੰਧੂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏਆਂ ਇਹ ਵੀ ਅਫਸੋਸ ਜਤਾਇਆ ਕਿ 2023 ਵਿੱਚ ਬੰਨ ਟੁੱਟਣ ਕਾਰਨ ਆਏ ਭਿਆਨਕ ਸੈਲਾਬ ਤੋਂ ਬਾਅਦ ਪਿੰਡਾਂ ਵਿੱਚ ਖੇਤੀ ਯੋਗ ਜ਼ਮੀਨਾਂ,ਸੜਕਾਂ, ਸ਼ਮਸ਼ਾਨਘਾਟ ਅਤੇ ਸਰਕਾਰੀ ਇਮਾਰਤਾਂ ਨੂੰ ਹੋਏ ਨੁਕਸਾਨ ਦੀ ਹੱਜੇ ਤੱਕ ਕੋਈ ਮੁਰੰਮਤ ਨਹੀਂ ਹੋ ਸਕੀ। ਹੁਣ ਫੇਰ ਨੁਕਸਾਨ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ । ਪਿੰਡ ਵਾਸੀਆਂ ਵੱਲੋਂ ਰੱਖੀਆਂ ਗਈਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਦਿਆਂ ਬੰਨੀ ਸੰਧੂ ਨੇ ਭਰੋਸਾ ਦਿਵਾਇਆ ਕਿ ਭਾਜਪਾ ਸਰਕਾਰ ਵੱਲੋਂ ਵੱਧ ਤੋਂ ਵੱਧ ਮਦਦ ਉਨ੍ਹਾਂ ਤੱਕ ਪਹੁੰਚਾਈ ਜਾਵੇਗੀ ਅਤੇ ਲੋਕਾਂ ਦੇ ਸਾਰੇ ਜਾਇਜ਼ ਮਸਲੇ ਹੱਲ ਕਰਨ ਲਈ ਉਹ ਖ਼ੁਦ ਪੂਰੀ ਕੋਸ਼ਿਸ਼ ਕਰਨਗੇ। ਇਸ ਮੌਕੇ ਪਿੰਡਾਂ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਨੇ ਵੀ ਬੰਨੀ ਸੰਧੂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਕਤਾ ਨਾਲ ਆਪਣੀਆਂ ਅਵਾਜ਼ਾਂ ਬੁਲੰਦ ਕਰਨਗੇ ਤਾਂ ਜੋ ਪਿੰਡਾਂ ਦੀਆਂ ਸਮੱਸਿਆਵਾਂ ਦਾ ਹੱਲ ਨਿਕਲ ਸਕੇ।