Tuesday, October 28, 2025

Chandigarh

ਪੰਜਾਬ ਸਕੂਲਾਂ ਵਿੱਚ “ਉੱਦਮਤਾ” ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕਰਨ ਵਾਲਾ ਪਹਿਲਾ ਸੂਬਾ ਬਣਿਆ

August 29, 2025 08:00 PM
SehajTimes

ਨਵੇਂ ਪਾਠਕ੍ਰਮ ਦਾ ਉਦੇਸ਼ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਰੋਜ਼ਗਾਰ ਸਿਰਜਣ ਵਾਲੇ ਬਣਾਉਣ ਲਈ ਉੱਦਮੀ ਮਾਨਸਿਕਤਾ ਪੈਦਾ ਕਰਨਾ:ਬੈਂਸ

ਹਰੇਕ ਸਕੂਲੀ ਵਿਦਿਆਰਥੀ ਨੂੰ ਆਪਣਾ ਉੱਦਮ ਸ਼ੁਰੂ ਕਰਨ ਦੇ ਸਮਰੱਥ ਬਣਾਇਆ ਜਾਵੇਗਾ: ਮਨੀਸ਼ ਸਿਸੋਦੀਆ

ਚੰਡੀਗੜ੍ਹ : ਸੂਬੇ ਵਿੱਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ "ਉੱਦਮਤਾ" ਨੂੰ ਮੁੱਖ ਵਿਸ਼ੇ ਵਜੋਂ ਪੇਸ਼ ਕਰਨ ਵਾਲਾ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉੱਦਮਤਾ" ਨੂੰ ਮੁੱਖ ਵਿਸ਼ੇ ਵਜੋਂ ਪੇਸ਼ ਕਰਨ ਦਾ ਉਦੇਸ਼ ਵਿਦਿਆਰਥੀਆਂ ਵਿੱਚ ਉੱਦਮੀ ਮਾਨਸਿਕਤਾ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਰੋਜ਼ਗਾਰ ਸਿਰਜਣ ਵਾਲੇ ਬਣਾਇਆ ਜਾ ਸਕੇ।
ਅਕਾਦਮਿਕ ਸਾਲ 2025-26 ਵਿੱਚ ਸ਼ੁਰੂ ਹੋਣ ਵਾਲੀ ਇਸ ਮਹੱਤਵਪੂਰਨ ਪਹਿਲਕਦਮੀ ਦੀ ਅੱਜ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ 'ਆਪ' ਦੇ ਪੰਜਾਬ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ ਵੱਲੋਂ ਸ਼ੁਰੂਆਤ ਕੀਤੀ ਗਈ। ਇੱਥੇ ਮਿਊਂਸੀਪਲ ਭਵਨ ਵਿਖੇ ਕਰਵਾਏ ਗਏ ਲਾਂਚ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਸਕੂਲ ਸਿੱਖਿਆ ਵਿੱਚ ਉੱਦਮਤਾ ਨੂੰ ਰਸਮੀ ਤੌਰ 'ਤੇ ਇੱਕ ਮੁੱਖ ਵਿਸ਼ੇ ਵਜੋਂ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਨਵੀਨਤਾਕਾਰੀ, ਸਮੱਸਿਆ ਹੱਲ ਕਰਨ ਵਾਲੇ ਅਤੇ ਰੋਜ਼ਗਾਰ ਸਿਰਜਣ ਵਾਲੇ ਬਣਾਇਆ ਜਾ ਸਕੇਗਾ। ਨਵੇਂ ਲਾਂਚ ਕੀਤੇ ਗਏ ਵਿਸ਼ੇ ਦੀਆਂ ਮੁੱਖ ਵਿਸ਼ੇਸ਼ਤਾਵਾਂ ‘ਤੇ ਚਾਨਣਾ ਪਾਉਂਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਹ ਪਾਠਕ੍ਰਮ ਤਜਰਬੇ ਅਤੇ ਵਿਹਾਰਕ ਸਿੱਖਿਆ ‘ਤੇ ਆਧਾਰਿਤ ਹੈ। ਇਸ ਤਹਿਤ ਵਿਦਿਆਰਥੀ ਟੀਮਾਂ ਬਣਾਉਣਗੇ, ਵਪਾਰਕ ਵਿਚਾਰ ਵਿਕਸਤ ਕਰਨਗੇ, ਪ੍ਰੋਟੋਟਾਈਪ ਵਿਕਸਤਿ ਕਰਨਗੇ, ਸੀਡ ਫੰਡਿੰਗ ਲਈ ਤਿਆਰੀ ਕਰਨਗੇ ਅਤੇ ਬਾਜ਼ਾਰ ਵਿੱਚ ਆਪਣੇ ਉਤਪਾਦਾਂ/ਸੇਵਾਵਾਂ ਨੂੰ ਲਾਂਚ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵਿੱਚ ਪ੍ਰੀਖਿਆ ਦਾ ਵਿਦਿਆਰਥੀਆਂ ਉੱਤੇ ਕੋਈ ਬੋਝ ਨਹੀਂ ਹੋਵੇਗਾ, ਲਿਖਤੀ ਪ੍ਰੀਖਿਆਵਾਂ ਦੀ ਥਾਂ ਸਕੂਲ-ਅਧਾਰਿਤ ਮੁਲਾਂਕਣ ਹੋਵੇਗਾ। ਮੁਲਾਂਕਣ ਵਿੱਚ ਸਵੈ-ਮੁਲਾਂਕਣ, ਸਾਥੀਆਂ ਵੱਲੋਂ ਮੁਲਾਂਕਣ ਅਤੇ ਅਧਿਆਪਕ/ਮੈਂਟਰ ਵੱਲੋਂ ਮੁਲਾਂਕਣ ਸ਼ਾਮਲ ਹੋਣਗੇ, ਜੋ ਸਿੱਖਣ ਦੇ ਅਨੁਕੂਲ ਮਾਹੌਲ ਨੂੰ ਉਤਸ਼ਾਹਿਤ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਵਿਸ਼ੇ ਦੇ ਸਾਲਾਨਾ 18 ਪੀਰੀਅਡ (3 ਥਿਊਰੀ ਅਤੇ 15 ਪ੍ਰੋਜੈਕਟ ਅਧਾਰਤ) ਹੋਣਗੇ ਜਿਸ ਨਾਲ ਇਹ ਪਾਠਕ੍ਰਮ ਵਿਦਿਆਰਥੀਆਂ 'ਤੇ ਬਿਨਾਂ ਕਿਸੇ ਵਾਧੂ ਬੋਝ ਪਾਏ ਦਿਲਚਸਪ ਸਿੱਖਿਆ ਨੂੰ ਯਕੀਨੀ ਬਣਾਏਗਾ।
ਇਸ ਪਹਿਲਕਦਮੀ ਦੇ ਆਰਥਿਕ ਪ੍ਰਭਾਵ ਨੂੰ ਉਜਾਗਰ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਦੇ 3,840 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 2.68 ਲੱਖ ਤੋਂ ਵੱਧ ਵਿਦਿਆਰਥੀਆਂ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਹਨਾਂ ਵਿੱਚ 10 ਫੀਸਦੀ ਸਫਲਤਾ ਦਰ ਨਾਲ ਵਿਦਿਆਰਥੀ ਅਧਾਰਿਤ ਆਰਥਿਕ ਗਤੀਵਿਧੀ ਨਾਲ ਸਾਲਾਨਾ 300-400 ਕਰੋੜ ਰੁਪਏ ਕਮਾਏ ਜਾ ਸਕਦੇ ਹਨ। ਇਹ ਪਹਿਲਕਦਮੀ ਸਥਾਨਕ ਮੰਗ, ਨੌਕਰੀ ਅਤੇ ਭਾਈਚਾਰਕ ਸ਼ਮੂਲੀਅਤ ਪੈਦਾ ਕਰੇਗੀ ਜਿਸ ਨਾਲ ਜ਼ਮੀਨੀ ਪੱਧਰ ‘ਤੇ ਆਰਥਿਕ ਵਿਕਾਸ ਨੂੰ ਗਤੀ ਮਿਲੇਗੀ।
ਸ. ਬੈਂਸ ਨੇ ਕਿਹਾ, "ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਨੌਜਵਾਨਾਂ ਦੇ ਸੁਪਨਿਆਂ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਪਹਿਲਕਦਮੀ ਦਾ ਉਦੇਸ਼ ਰਚਨਾਤਮਕਤਾ, ਅਜੌਕੇ ਸਮੇਂ ਦੇ ਅਨੁਕੂਲ ਅਤੇ ਸਮੱਸਿਆ ਹੱਲ ਕਰਨ ਦੇ ਹੁਨਰਾਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਵਿਦਿਆਰਥੀਆਂ ਨੂੰ ਮੌਕਿਆਂ ਦੀ ਉਡੀਕ ਕਰਨ ਵਾਲੇ ਬਣਨ ਦੀ ਬਜਾਇ ਉਨ੍ਹਾਂ ਨੂੰ ਮੌਕੇ ਸਿਰਜਣ ਲਈ ਸਮਰੱਥ ਬਣਾਉਣਾ ਹੈ। ਸਾਡੇ ਕਲਾਸਰੂਮ ਵਿਚਾਰਾਂ ਦੇ ਇਨਕਿਊਬੇਟਰਾਂ ਵਿੱਚ ਬਦਲ ਜਾਣਗੇ ਅਤੇ ਅਧਿਆਪਕ ਸਟਾਰਟਅੱਪ ਕੋਚ ਵਜੋਂ ਕੰਮ ਕਰਨਗੇ ਜੋ ਵਿਦਿਆਰਥੀਆਂ ਨੂੰ ਆਗੂ ਅਤੇ ਨੌਕਰੀਆਂ ਸਿਰਜਣ ਵਾਲੇ ਬਣਨ ਵਿੱਚ ਮਾਰਗਦਰਸ਼ਨ ਕਰਨਗੇ।।" ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਵਿਦਿਆਰਥੀਆਂ ਵਿੱਚ ਨਵੀਨਤਾ, ਫੈਸਲਾ ਲੈਣ ਅਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰੇਗੀ ਜਿਸ ਨਾਲ ਸਥਾਈ ਆਰਥਿਕ ਵਿਕਾਸ ਦਾ ਰਾਹ ਪੱਧਰਾ ਹੋਵੇਗਾ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਪਹਿਲਕਦਮੀ ਨਵੰਬਰ, 2022 ਵਿੱਚ ਪੰਜਾਬ ਯੰਗ ਐਂਟਰਪ੍ਰੀਨਿਓਰਜ਼ ਪ੍ਰੋਗਰਾਮ ਅਧੀਨ ਸ਼ੁਰੂ ਕੀਤੇ ਗਏ ਪੰਜਾਬ ਬਿਜ਼ਨਸ ਬਲਾਸਟਰਸ ਪ੍ਰੋਗਰਾਮ ਦੀ ਸਫਲਤਾ ਦੀ ਕਹਾਣੀ ਵਿੱਚ ਅਹਿਮ ਮੀਲ ਪੱਥਰ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ 32 ਸਕੂਲਾਂ ਅਤੇ 11,041 ਵਿਦਿਆਰਥੀਆਂ ਨਾਲ ਸ਼ੁਰੂਆਤ ਕਰਦਿਆਂ ਇਸ ਪ੍ਰੋਗਰਾਮ ਤਹਿਤ ਸ਼ਾਨਦਾਰ ਪ੍ਰਗਤੀ ਕੀਤੀ ਗਈ ਹੈ ਅਤੇ ਇਸ ਦਾ ਵਿਸਥਾਰ ਕਰਦਿਆਂ 1,927 ਸਕੂਲਾਂ ਦੇ ਲਗਭਗ 1.8 ਲੱਖ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਤਹਿਤ ਸੂਬੇ ਭਰ ਵਿੱਚ ਹੋਰ ਵਿਦਿਆਰਥੀਆਂ ਨੂੰ ਸ਼ਾਮਲ ਕਰਦਿਆਂ ਨੌਜਵਾਨ ਉੱਦਮੀਆਂ ਨੂੰ ਸਸ਼ਕਤ ਬਣਾਉਣਾ ਜਾਰੀ ਰੱਖਿਆ ਹੈ।

ਇਸ ਦੌਰਾਨ ਸ੍ਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਪ੍ਰਮੁੱਖ ਕੋਰਸ ਦੀ ਸ਼ੁਰੂਆਤ ਨਾਲ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਨਵੀਨਤਾ ਅਤੇ ਉੱਦਮਤਾ ਦੇ ਇੱਕ ਨਵੇਂ ਯੁੱਗ ਵਿੱਚ ਦਾਖਲ ਹੋ ਜਾਵੇਗੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਪੰਜਾਬ ਪਹਿਲਾ ਸੂਬਾ ਬਣ ਕੇ ਇੱਕ ਮਿਸਾਲ ਕਾਇਮ ਕਰੇਗਾ ਜਿੱਥੇ ਸਕੂਲ ਤੋਂ ਪਾਸ ਹੋਣ ਵਾਲੇ ਹਰ ਵਿਦਿਆਰਥੀ ਕੋਲ ਆਪਣਾ ਉੱਦਮ ਜਾਂ ਕੰਪਨੀ ਸ਼ੁਰੂ ਕਰਨ ਲਈ ਹੁਨਰ ਅਤੇ ਵਿਆਪਕ ਗਿਆਨ ਹੋਵੇਗਾ।
ਉਨ੍ਹਾਂ ਕਿਹਾ, "ਜੇ ਸਾਡੇ ਵਿਦਿਆਰਥੀ ਪ੍ਰਸਿੱਧ ਅੰਤਰਰਾਸ਼ਟਰੀ ਕੰਪਨੀਆਂ ਵਿੱਚ ਉੱਚ ਅਹੁਦੇ ਪ੍ਰਾਪਤ ਕਰ ਸਕਦੇ ਹਨ ਤਾਂ ਉਹ ਆਪਣੀਆਂ ਕੰਪਨੀਆਂ ਸ਼ੁਰੂ ਕਿਉਂ ਨਹੀਂ ਕਰ ਸਕਦੇ?" ਉਨ੍ਹਾਂ ਕਿਹਾ ਕਿ ਇਹ ਅਗਾਂਹਵਧੂ ਸੋਚ ਵਾਲਾ ਦ੍ਰਿਸ਼ਟੀਕੋਣ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਸਿਰਜਣ ਵਾਲੇ ਬਣਨ ਦੇ ਸਮਰੱਥ ਬਣਾਏਗਾ ਅਤੇ ਉੱਦਮਤਾ ਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰੇਗਾ।

ਇਸ ਸਮਾਗਮ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਅਮਰਪਾਲ ਸਿੰਘ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀ ਗੁਰਿੰਦਰ ਸਿੰਘ ਸੋਢੀ ਅਤੇ ਸਕੂਲ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਅਧਿਆਪਕ ਵੀ ਮੌਜੂਦ ਸਨ।

Have something to say? Post your comment

 

More in Chandigarh

'ਯੁੱਧ ਨਸ਼ਿਆਂ ਵਿਰੁੱਧ’ ਦੇ 241ਵੇਂ ਦਿਨ ਪੰਜਾਬ ਪੁਲਿਸ ਵੱਲੋਂ 10.6 ਕਿਲੋ ਹੈਰੋਇਨ ਸਮੇਤ 58 ਨਸ਼ਾ ਤਸਕਰ ਕਾਬੂ

ਪੰਜਾਬ ਸਰਕਾਰ ਨੇ ਉਦਯੋਗ ਅਤੇ ਵਪਾਰ ਲਈ ਵੱਡੀ ਰਾਹਤ ਐਲਾਨੀ : ਸੰਜੀਵ ਅਰੋੜਾ

ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਡੇਰਾਬੱਸੀ ਹਲਕੇ ਦੇ ਨੌਂ ਪਿੰਡਾਂ ਵਿੱਚ 3.26 ਕਰੋੜ ਰੁਪਏ ਦੇ ਖੇਡ ਮੈਦਾਨਾਂ ਅਤੇ ਹੋਰ ਵਿਕਾਸ ਕਾਰਜਾਂ ਦੀ ਸ਼ੁਰੂਆਤ

ਪੰਜਾਬ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਆਈ ਰਿਕਾਰਡ ਕਮੀ ਆਈ : ਮੁੱਖ ਮੰਤਰੀ

ਨਵੇਂ ਬਿਲਡਿੰਗ ਬਾਇ-ਲਾਜ਼ ਕੈਬਨਿਟ ਵੱਲੋਂ ਮਨਜ਼ੂਰ, ਨਕਸ਼ੇ ਪਾਸ ਕਰਵਾਉਣ ਵਿੱਚ ਹੁਣ ਨਹੀਂ ਹੋਵੇਗਾ ਭ੍ਰਿਸ਼ਟਾਚਾਰ : ਮੁੱਖ ਮੰਤਰੀ

ਪੰਜਾਬ ਦੀਆਂ ਮੰਡੀਆਂ ਵਿੱਚੋਂ 78 ਫੀਸਦੀ ਝੋਨੇ ਦੀ ਹੋਈ ਲਿਫਟਿੰਗ : ਹਰਚੰਦ ਸਿੰਘ ਬਰਸਟ

ਸਰਹੱਦ ਪਾਰੋਂ ਚੱਲ ਰਹੇ ਡਰੱਗ ਕਾਰਟੈਲ ਨਾਲ ਜੁੜਿਆ ਕਾਰਕੁਨ ਫਿਰੋਜ਼ਪੁਰ ਤੋਂ 5 ਕਿਲੋ ਹੈਰੋਇਨ ਸਮੇਤ ਕਾਬੂ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੈਟਰਨਰੀ ਵਿਦਿਆਰਥੀ ਯੂਨੀਅਨ ਨੂੰ ਮੰਗਾਂ 'ਤੇ ਜਲਦੀ ਕਾਰਵਾਈ ਦਾ ਦਿੱਤਾ ਭਰੋਸਾ

ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ ਦੇ ਵਿਦਿਆਰਥੀ ਮਨਵੀਰ ਸਿੰਘ ਨੇ 65 ਕਿਲੋ ਸ਼੍ਰੇਣੀ ਵਿੱਚ ਸਿਲਵਰ ਮੈਡਲ ਕੀਤਾ ਹਾਸਿਲ

ਪੰਜਾਬ ਸਰਕਾਰ ਵੱਲੋਂ ਕੇਂਦਰੀ ਜੇਲ੍ਹਾਂ ਵਿੱਚ ਖੋਲ੍ਹੇ ਜਾਣਗੇ ਆਮ ਆਦਮੀ ਕਲੀਨਿਕ