ਕੁਰਾਲੀ : ਦੋਆਬਾ ਗਰੁੱਪ ਆਫ ਕਾਲਜਿਜ਼ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਇਤਿਹਾਸਕ ਕਦਮ ਚੁੱਕਿਆ ਹੈ। ਬਾਰ ਕੌਂਸਲ ਆਫ ਇੰਡੀਆ ਵੱਲੋਂ ਇਸ ਸੰਸਥਾ ਨੂੰ ਨਵਾਂ ਲਾ ਕਾਲਜ ਖੋਲ੍ਹਣ ਲਈ ਪ੍ਰਤਿਸ਼ਠਿਤ ਮਨਜ਼ੂਰੀ ਮਿਲੀ ਹੈ। ਇਸ ਦੀ ਜਾਣਕਾਰੀ ਅੱਜ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਰਾਹੀਂ ਡਾਕਟਰ ਐੱਚ ਐੱਸ ਬਾਠ ਪ੍ਰੈਜੀਡੈਂਟ ਦੁਆਬਾ ਖਾਲਸਾ ਟਰੱਸਟ, ਸਰਦਾਰ ਐੱਸ. ਐੱਸ. ਸੰਘਾ ਪ੍ਰਬੰਧਕੀ ਵਾਈਸ ਚੇਅਰਮੈਨ, ਸਰਦਾਰ ਮਨਜੀਤ ਸਿੰਘ ਐਗਜੀਕਿਊਟਿਵ ਵਾਈਸ ਚੇਅਰਮੈਨ, ਮੈਡਮ ਰਮਨਜੀਤ ਕੌਰ ਬਾਠ ਟਰੱਸਟੀ ਦੁਆਬਾ ਖਾਲਸਾ ਟਰੱਸਟ ਵੱਲੋਂ ਸਾਂਝੇ ਰੂਪ ਵਿੱਚ ਮੀਡੀਆ ਨੂੰ ਦਿੱਤੀ ਗਈ। ਇਸ ਮੌਕੇ ਹਾਜ਼ਰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਇਹ ਉਪਲਬਧੀ ਨਾ ਸਿਰਫ ਸੰਸਥਾ ਲਈ ਇਕ ਵੱਡਾ ਮੀਲ ਪੱਥਰ ਹੈ, ਸਗੋਂ ਪ੍ਰਬੰਧਕਾਂ ਦੀ ਵਿਜ਼ਨਰੀ ਲੀਡਰਸ਼ਿਪ ਅਤੇ ਦੂਰਦਰਸ਼ੀ ਸੋਚ ਦਾ ਪ੍ਰਮਾਣ ਵੀ ਹੈ। ਦੋਆਬਾ ਗਰੁੱਪ ਆਫ ਕਾਲਜਿਜ਼ ਹਮੇਸ਼ਾਂ ਤੋਂ ਹੀ ਗੁਣਵੱਤਾ-ਪੂਰਨ ਸਿੱਖਿਆ ਅਤੇ ਵਿਦਿਆਰਥੀਆਂ ਲਈ ਨਵੇਂ ਮੌਕੇ ਪ੍ਰਦਾਨ ਕਰਨ ਲਈ ਪ੍ਰਤੀਬੱਧ ਰਹੇ ਹਨ। ਇਸ ਪ੍ਰੋਜੈਕਟ ਦੀ ਸਫਲਤਾ ਵਿੱਚ ਡਾਕਟਰ ਮੀਨੂ ਜੇਟਲੀ ਪ੍ਰਿੰਸੀਪਲ ਡਾਇਰੈਕਟਰ ਦੁਆਬਾ ਬਿਜਨਸ ਸਕੂਲ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਦੇ ਅਟੱਲ ਵਿਸ਼ਵਾਸ ਅਤੇ ਭਰੋਸੇ ਨਾਲ ਇਹ ਯਤਨ ਪੂਰਾ ਹੋਇਆ। ਇਸ ਦੂਰਦਰਸ਼ੀ ਫੈਸਲੇ ਵਿਚ ਐਮ. ਐਸ. ਬਾਠ ਚੇਅਰਮੈਨ ਦੁਆਬਾ ਖਾਲਸਾ ਟਰੱਸਟ ਵੱਲੋਂ ਪੂਰਾ ਸਹਿਯੋਗ ਅਤੇ ਆਸ਼ੀਰਵਾਦ ਮਿਲਿਆ। ਉਨ੍ਹਾਂ ਦੇ ਉਤਸ਼ਾਹ ਨਾਲ ਇਹ ਯੋਜਨਾ ਸਫਲ ਹੋਈ ਹੈ। ਹਾਜ਼ਰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਗਰੁੱਪ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹਨ। ਉਹਨਾਂ ਕਿਹਾ ਕਿ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਉੱਚ ਕੋਟੀ ਦੇ ਵਕੀਲ ਬਣਨ ਦੇ ਲਈ ਹਰ ਸਹੂਲਤ ਦਿੱਤੀ ਜਾਵੇਗੀ। ਕਿਤਾਬੀ ਗਿਆਨ ਦੇ ਨਾਲ ਨਾਲ ਪ੍ਰੈਕਟੀਕਲ ਸਿੱਖਿਆ ਤੇ ਵੀ ਪੂਰਾ ਜ਼ੋਰ ਦਿੱਤਾ ਜਾਵੇਗਾ। ਦੋਆਬਾ ਗਰੁੱਪ ਆਫ ਕਾਲਜਿਜ਼ ਦੇ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਨਵੇਂ ਅਕਾਦਮਿਕ ਅਧਿਆਇ ਲਈ ਖੁਸ਼ੀ ਜਾਹਰ ਕੀਤੀ । ਗਰੁੱਪ ਦੇ ਪ੍ਰਬੰਧਕਾਂ ਵੱਲੋਂ ਉਮੀਦ ਜ਼ਾਹਿਰ ਕੀਤੀ ਗਈ ਹੈ ਕਿ ਭਵਿੱਖ ਦੇ ਕਾਨੂੰਨੀ ਪੇਸ਼ਾਵਰ ਇੱਥੋਂ ਤਿਆਰ ਹੋ ਕੇ ਸਮਾਜ ਦੀ ਸੇਵਾ ਕਰਨਗੇ।