ਫਿਰੋਜ਼ਪੁਰ ਜ਼ਿਲ੍ਹੇ ਵਿੱਚ 13 ਰਾਹਤ ਕੈਂਪ ਬਣਾਏ, ਹੁਣ ਤੱਕ 2000 ਤੋਂ ਵੱਧ ਹੜ੍ਹ ਪੀੜ੍ਹਤਾਂ ਨੂੰ ਰੈਸਕਿਊ ਕੀਤਾ: ਬਰਿੰਦਰ ਗੋਇਲ
ਫਾਜ਼ਿਲਕਾ ਦੇ ਕਾਵਾਂਵਾਲੀ ਪੱਤਣ ਵਿੱਚ 24 ਪਿੰਡਾਂ ਲਈ 7 ਰਾਹਤ ਕੈਂਪ ਲਾਏ, 100 ਲੋਕਾਂ ਨੂੰ ਬਾਹਰ ਕੱਢਿਆ
ਗੁਰਦਾਸਪੁਰ ‘ਚ 2000, ਅੰਮ੍ਰਿਤਸਰ ‘ਚ 710, ਕਪੂਰਥਲਾ ਵਿੱਚ 480 ਲੋਕਾਂ ਨੂੰ ਰੈਸਕਿਊ ਕੀਤਾ ਗਿਆ
ਹੜ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚ ਪਸ਼ੂਆਂ ਲਈ ਹਰੇ ਚਾਰੇ ਦਾ ਕੀਤਾ ਜਾ ਰਿਹੈ ਪ੍ਰਬੰਧ
ਹੜ੍ਹ ਪੀੜਤਾਂ ਦੇ ਨੁਕਸਾਨ ਦਾ ਜਾਇਜਾ ਲੈਣ ਲਈ ਕਰਵਾਈ ਜਾਵੇਗੀ ਵਿਸ਼ੇਸ਼ ਗਿਰਦਾਵਰੀ: ਹਰਪਾਲ ਸਿੰਘ ਚੀਮਾ
ਤਰਨਤਾਰਨ ਵਿੱਚ ਮੋਟਰ ਬੋਟ ਨਾਲ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ, ਪਸ਼ੂਆਂ ਲਈ ਚਾਰਾ ਅਤੇ ਪਾਣੀ ‘ਚ ਫਸੇ ਲੋਕਾਂ ਦਾ ਰੈਸਕਿਊ ਕੀਤਾ: ਲਾਲਜੀਤ ਸਿੰਘ ਭੁੱਲਰ
ਮੁੰਡੀਆਂ ਵੱਲੋਂ ਲੁਧਿਆਣਾ, ਹਰਭਜਨ ਸਿੰਘ ਈਟੀਓ ਵੱਲੋਂ ਬਿਆਸ ਇਲਾਕੇ ਅਤੇ ਮੋਹਿੰਦਰ ਭਗਤ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਹੜ੍ਹ ਰਾਹਤ ਕਾਰਜਾਂ ਦਾ ਜਾਇਜਾ ਲਿਆ ਗਿਆ
ਚੰਡੀਗੜ੍ਹ : ਹਿਮਾਚਲ ਵਿੱਚ ਹੋਈ ਭਾਰੀ ਬਾਰਿਸ਼ ਤੇ ਬਦਲ ਫੱਟਣ ਅਤੇ ਪੰਜਾਬ ਵਿੱਚ ਹੋਏ ਭਾਰੀ ਮੀਹਾਂ ਕਾਰਨ ਸੂਬੇ ਵਿੱਚ ਆਏ ਹੜ੍ਹਾਂ ਨਾਲ ਨਜਿੱਠਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੰਗੀ ਪੱਧਰ ‘ਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਸਥਾਨਕ ਵਿਧਾਇਕਾਂ ਵੱਲੋਂ ਨਿੱਜੀ ਤੌਰ ਉਤੇ ਗਰਾਊਂਡ ਜ਼ੀਰੋ ਉੱਤੇ ਡਟ ਕੇ ਖੁਦ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਪੰਜਾਬ ਸਰਕਾਰ ਦੇ ਯਤਨਾਂ ਨਾਲ 5290 ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰ ‘ਚੋਂ ਬਾਹਰ ਕੱਢਿਆ ਗਿਆ ਜਿਸ ਵਿੱਚ ਗੁਰਦਾਸਪੁਰ ‘ਚ 2000, ਅੰਮ੍ਰਿਤਸਰ ‘ਚ 710, ਫਿਰੋਜਪੁਰ ‘ਚ 2000, ਕਪੂਰਥਲਾ ਵਿੱਚ 480 ਜਦਕਿ ਫਾਜਿਲਕਾ ‘ਚ 100 ਲੋਕਾਂ ਨੂੰ ਰੈਸਕਿਊ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸੂਬੇ ਦੇ ਕੈਬਨਿਟ ਮੰਤਰੀਆਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਨਿਰੀਖਣ ਕੀਤਾ ਗਿਆ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਹੜ੍ਹ ਰਾਹਤ ਕਾਰਜਾਂ ਦਾ ਜਾਇਜਾ ਲਿਆ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਸਤੌਜ ਹਰਆਓ, ਡਸਕਾ ਅਤੇ ਸੰਗਤਪੁਰਾ ਵਿੱਚ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਟੀਮਾਂ ਨੂੰ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਹੜ੍ਹ ਨਾਲ ਹੋਏ ਖਰਾਬੇ ਸਬੰਧੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਫਿਰੋਜ਼ਪੁਰ ਜ਼ਿਲ੍ਹੇ ਵਿੱਚ 65 ਪਿੰਡ ਹੜ੍ਹ ਤੋਂ ਪ੍ਰਭਾਵਿਤ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 13 ਦੇ ਕਰੀਬ ਰਾਹਤ ਕੈਂਪ ਬਣਾਏ ਗਏ ਹਨ। ਹੁਣ ਤੱਕ 2000 ਤੋਂ ਵੱਧ ਹੜ੍ਹ ਪੀੜ੍ਹਤਾਂ ਨੂੰ ਰੈਸਕਿਊ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਾਹਤ ਕਾਰਜਾਂ ਦਾ ਜਾਇਜਾ ਲੈਣ ਲਈ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸਰਕਾਰੀ ਸਕੂਲ ਬਾਰੀਕੇ ਵਿਖੇ ਬਣਾਏ ਗਏ ਰਾਹਤ ਕੈਂਪ ਦਾ ਦੌਰਾ ਕੀਤਾ ਗਿਆ। ਇਸ ਤੋਂ ਇਲਾਵਾ ਫਾਜ਼ਿਲਕਾ ਜ਼ਿਲ੍ਹਾ ਵਿਖੇ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਕਾਵਾਂਵਾਲੀ ਪੱਤਣ ਵਿੱਚ 24 ਪਿੰਡਾਂ ਲਈ 7 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ, ਜਿੱਥੇ ਕਿ ਲੋਕਾਂ ਨੂੰ ਪੈਕਡ ਫੁੱਡ ਤੋਂ ਇਲਾਵਾ ਸੁੱਕਾ ਰਾਸ਼ਨ, ਪਸ਼ੂ ਚਾਰਾ ਦੀ ਵੰਡ ਕੀਤੀ ਗਈ ਅਤੇ ਇਸ ਇਲਾਕੇ ਵਿੱਚ ਹੁਣ ਤੱਕ ਐਨਡੀਐਫ ਦੀਆਂ ਟੀਮਾਂ ਵੱਲੋਂ 100 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।
ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 480 ਪਰਿਵਾਰਾਂ ਨੂੰ ਰੈਸੇਕਿਊ ਕੀਤਾ ਗਿਆ ਜਿਨ੍ਹਾਂ ਵਿੱਚ ਸੁਲਤਾਨਪੁਰ ਲੋਧੀ ਵਿੱਚ 200 ਪਰਿਵਾਰ ਭੁਲੱਥ ਵਿੱਚ 180 ਪਰਿਵਾਰ ਅਤੇ ਕਪੂਰਥਲਾ ਵਿੱਚ 100 ਪਰਿਵਾਰ ਸ਼ਾਮਲ ਹਨ।
ਇਸੇ ਤਰ੍ਹਾਂ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਸਸਰਾਲੀ ਕਲੋਨੀ ਵਿਖੇ ਹੜ੍ਹ ਰਾਹਤ ਕਾਰਜਾਂ ਦਾ ਜਾਇਜਾ ਲਿਆ ਗਿਆ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਬਿਆਸ ਇਲਾਕੇ ਵਿੱਚ ਹੜ੍ਹ ਰਾਹਤ ਕਾਰਜਾਂ ਦਾ ਜਾਇਜਾ ਲਿਆ ਗਿਆ।
ਕੈਬਨਿਟ ਮੰਤਰੀ ਸ੍ਰੀ ਮੋਹਿੰਦਰ ਭਗਤ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਊਪੁਰ ਤੇ ਹੋਰਨਾਂ ਨੇੜਲੇ ਪਿੰਡਾਂ ਦਾ ਦੌਰਾ ਕਰਕੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਡਰੋਨ ਦੀ ਮਦਦ ਨਾਲ ਰਾਹਤ ਸਮੱਗਰੀ ਪਹੁੰਚਾਈ ਗਈ।
ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਖੇਤਰ ਨਾਲ ਸਬੰਧਤ ਪਿੰਡ ਘੜੁੰਮ, ਕੁੱਤੀਵਾਲਾ, ਸਭਰਾਂ, ਜੱਲੋਕੇ, ਕੋਟਬੁੱਢਾ, ਭਾਉਵਾਲ, ਰਾਧਲਕੇ ਅਤੇ ਮੁੱਠਿਆਵਾਲਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਮੋਟਰ ਬੋਟ ਨਾਲ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ, ਪਸ਼ੂਆਂ ਲਈ ਚਾਰਾ ਅਤੇ ਪਾਣੀ ‘ਚ ਫਸੇ ਲੋਕਾਂ ਦਾ ਰੈਸਕਿਊ ਕਰਨ ਦੀ ਅਗਵਾਈ ਕੀਤੀ।
——-