ਮਹਿਲ ਕਲਾਂ : ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨਾਲ ਜਿੱਥੇ ਜਨ-ਜੀਵਨ ਪ੍ਰਭਾਵਿਤ ਹੋਇਆ, ਉਥੇ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਕੰਧਾਂ ਤੇ ਛੱਤਾਂ 'ਚ ਤਰੇੜਾਂ ਆਉਣ 'ਤੇ ਛੱਤਾਂ ਡਿੱਗਣ ਦੇ ਕਈ ਮਾਮਲੇ ਸਾਹਮਣੇ ਆਏ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਗਰੀਬ ਪਰਿਵਾਰਾਂ ਦੇ ਰੈਣ ਬਸੇਰੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਘਰਾਂ ਦੇ ਡਿੱਗ ਜਾਣ ਦੇ ਡਰੋਂ ਪਿੰਡ ਵਜੀਦਕੇ ਖੁਰਦ ਦੇ ਚਾਰ ਪਰਿਵਾਰ ਪਿੰਡ ਦੀ ਸਾਂਝੀ ਧਰਮਸਾਲਾਂ 'ਚ ਦਿਨ ਕਟੀ ਕਰਨ ਲਈ ਮਜ਼ਬੂਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਚ ਕੁਲਵਿੰਦਰ ਸਿੰਘ ਸੋਨੂੰ ਤੇ ਪੰਚ ਅਮਨਜੋਤ ਸਿੰਘ ਗੱਗਾ ਨੇ ਦੱਸਿਆ ਕਿ ਲਗਾਤਾਰ ਮੀਂਹ ਪੈਣ ਕਾਰਨ ਜੱਗਾ ਸਿੰਘ ਪੁੱਤਰ ਚਰਨ ਸਿੰਘ, ਬੂਟਾ ਸਿੰਘ ਪੁੱਤਰ ਅਤਵਾਰ ਸਿੰਘ, ਬਲਵੀਰ ਸਿੰਘ ਪੁੱਤਰ ਸਾਧੂ ਸਿੰਘ ਦੇ ਘਰ ਬੁਰੀ ਤਰਾਂ ਨੁਕਸਾਨੇ ਗਏ ਹਨ।
ਉਨ੍ਹਾਂ ਦੀਆਂ ਘਰਾਂ ਦੀਆਂ ਕੰਧਾਂ 'ਚ ਤਰੇੜਾਂ ਆ ਚੁੱਕੀਆਂ ਹਨ ਜੋ ਕਿਸੇ ਸਮੇਂ ਵੀ ਡਿੱਗ ਸਕਦੇ ਹਨ। ਪਰਿਵਾਰਾਂ ਦੀ ਸੁਰੱਖਿਆ ਨੂੰ ਦੇਖਦਿਆਂ ਲੋਕਾਂ ਦੇ ਸਹਿਯੋਗ ਨਾਲ ਇਨ੍ਹਾਂ ਪਰਿਵਾਰਾਂ ਦਾ ਸਾਮਾਨ ਪੇਟੀਆਂ, ਬੈਡ, ਅਲਮਾਰੀਆ ਸਮੇਤ ਗੈਸ ਸਿਲੰਡਰ ਵੀ ਧਰਮਸਾਲਾਂ 'ਚ ਰਖਵਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਹੀ ਪਰਿਵਾਰ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਪਾਲ ਰਹੇ ਹਨ ਤੇ ਅਜੋਕੇ ਸਮੇਂ ਘਰ ਬਣਾਉਣਾ ਗਰੀਬ ਲਈ ਬੇਹੱਦ ਮੁਸ਼ਕਿਲ ਹੈ।
ਬੂਟਾ ਸਿੰਘ ਤਿੰਨ ਧੀਆਂ ਦਾ ਬਾਪ ਹੈ ਤੇ ਪਰਿਵਾਰ ਨਰੇਗਾ 'ਚ ਕੰਮ ਕਰ ਕੇ ਗੁਜਾਰਾ ਪੰਚਾਇਤ ਮੈਂਬਰ ਤੇ ਪੀੜਤ ਪਰਿਵਾਰ ਘਰਾਂ ਦੀ ਖਸਤਾ ਹਾਲਤ ਸਬੰਧੀ ਜਾਣਕਾਰੀ ਦਿੰਦੇ ਹੋਏ। ਉਨ੍ਹਾਂ ਬੀਡੀਪੀਓ ਦਫ਼ਤਰ ਮਹਿਲ ਕਲਾਂ ਤੇ ਸਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਰਿਵਾਰਾਂ ਦੇ ਘਰਾਂ ਦੀ ਹਾਲਤ ਦੇਖ ਕੇ ਕੱਚੇ ਘਰਾਂ ਲਈ ਮਿਲਦੇ ਪੈਸੇ ਪਹਿਲ ਦੇ ਆਧਾਰ 'ਤੇ ਇਨ੍ਹਾਂ ਪਰਿਵਾਰਾਂ ਨੂੰ ਦਿੱਤੇ ਜਾਣ ਤਾਂ ਜੋ ਗਰੀਬ ਪਰਿਵਾਰ ਆਪਣਾ ਘਰ ਬਣਾਕੇ ਰਹਿ ਸਕਣ। ਉਨ੍ਹਾਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਅਪੀਲ ਕੀਤੀ ਕਿ ਮਜ਼ਦੂਰ ਪਰਿਵਾਰਾਂ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਢੁਕਵਾਂ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ ਸੁੱਖਾ ਟੇਲਰ, ਭਜਨ ਸਿੰਘ, ਰਾਜਾ ਸਿੰਘ, ਰਜਿੰਦਰ ਸਿੰਘ, ਜਗਰੂਪ ਸਿੰਘ ਗੋਰਾ ਹਾਜ਼ਰ ਸਨ