Friday, October 17, 2025

Chandigarh

ਹਰਜੋਤ ਸਿੰਘ ਬੈਂਸ ਵੱਲੋਂ ਲੁਧਿਆਣਾ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਸਕਿੱਲਜ਼ ਅਤੇ ਪੰਜਾਬ ਵਿੱਚ 5 ਆਈ.ਟੀ.ਆਈ. ਹੱਬ ਸਥਾਪਤ ਕਰਨ ਦੀ ਮੰਗ

August 28, 2025 07:40 PM
SehajTimes

ਚੰਡੀਗੜ੍ਹ : ਸੂਬੇ ਦੇ ਨੌਜਵਾਨਾਂ ਨੂੰ ਉਦਯੋਗ ਨਾਲ ਸਬੰਧਤ ਸਿਖਲਾਈ ਪ੍ਰਦਾਨ ਕਰਕੇ ਹੁਨਰ ਦੇ ਪਾੜੇ ਨੂੰ ਪੂਰਨ ਅਤੇ ਪੰਜਾਬ ਨੂੰ ਹੁਨਰ ਵਿਕਾਸ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਵਾਸਤੇ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੁਧਿਆਣਾ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਸਕਿੱਲਜ਼ ਅਤੇ ਸੂਬੇ ਭਰ ਵਿੱਚ ਪੰਜ ਆਈ.ਟੀ.ਆਈ. ਹੱਬ ਸਥਾਪਤ ਕੀਤੇ ਜਾਣ। ਸ. ਬੈਂਸ ਨੇ ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਬਾਰੇ ਰਾਜ ਮੰਤਰੀ ਸ੍ਰੀ ਜਯੰਤ ਚੌਧਰੀ ਦੀ ਪ੍ਰਧਾਨਗੀ ਹੇਠ ਹੋਏ ਸਕਿੱਲ ਮੰਤਰੀਆਂ ਦੀ ਖੇਤਰੀ ਕਾਨਫਰੰਸ ਦੌਰਾਨ ਇਹ ਮੰਗਾਂ ਰੱਖੀਆਂ। ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਸ. ਹਰਜੋਤ ਸਿੰਘ ਬੈਂਸ ਨੇ ਇੰਡੀਅਨ ਇੰਸਟੀਚਿਊਟ ਆਫ਼ ਸਕਿੱਲਜ਼ ਲਈ ਲੁਧਿਆਣਾ ਢੁੱਕਵਾਂ ਸਥਾਨ ਹੋਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਇਸ ਉਦਯੋਗਿਕ ਸ਼ਹਿਰ ਵਿੱਚ 20 ਏਕੜ ਜ਼ਮੀਨ ਉਪਲਬਧ ਹੈ।

ਸ. ਹਰਜੋਤ ਸਿੰਘ ਬੈਂਸ ਨੇ ਤਕਨੀਕੀ ਸਿੱਖਿਆ ਵਿੱਚ ਪੰਜਾਬ ਦੀ ਸ਼ਾਨਦਾਰ ਪ੍ਰਗਤੀ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਲ 2022 ਤੋਂ ਸੂਬੇ ਨੇ ਆਪਣੀਆਂ ਆਈ.ਟੀ.ਆਈਜ਼ ਵਿੱਚ ਸੀਟਾਂ ਦੀ ਗਿਣਤੀ 25,000 ਤੋਂ ਵਧਾ ਕੇ 52,000 ਕਰ ਦਿੱਤਾ ਹੈ, ਜੋ ਦੁੱਗਣੇ ਤੋਂ ਵੀ ਵੱਧ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦਾਖਲਾ ਦਰ ਪਿਛਲੇ ਸਮੇਂ ਦੀ 60 ਫ਼ੀਸਦ ਤੋਂ ਵੱਧ ਕੇ 98 ਫ਼ੀਸਦ ਹੋਣ ਦਾ ਅਨੁਮਾਨ ਹੈ, ਜਦੋਂ ਕਿ ਬੁਨਿਆਦੀ ਢਾਂਚੇ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਨੌਜਵਾਨਾਂ ਨੂੰ ਵਧੇਰੇ ਹੁਨਰਮੰਦ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਵਿੱਚ ਵੀ ਵਿਆਪਕ ਪ੍ਰਗਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਕੋਰਸਾਂ ਦੀ ਥਾਂ ਉਦਯੋਗਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਤੇ ਬਾਜ਼ਾਰ ਦੀ ਮੰਗ ਅਨੁਸਾਰ ਤਿਆਰ ਕੀਤੀਆਂ ਗਈਆਂ 814 ਨਵੀਂਆਂ ਟ੍ਰੇਡਾਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਟ੍ਰੇਡਾਂ ਨੂੰ ਉਦਯੋਗ ਭਾਈਵਾਲਾਂ ਅਤੇ ਉਦਯੋਗਿਕ ਪ੍ਰਬੰਧਨ ਕਮੇਟੀਆਂ (ਆਈ.ਐਮ.ਸੀਜ਼) ਨਾਲ ਵਿਆਪਕ ਸਲਾਹ-ਮਸ਼ਵਰੇ ਉਪਰੰਤ ਵਿਕਸਤ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਮੰਗ ਅਨੁਸਾਰ ਹੁਨਰਾਂ ਨਾਲ ਲੈਸ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਰੁਜ਼ਗਾਰਯੋਗਤਾ ਅਤੇ ਨੌਕਰੀ ਪ੍ਰਾਪਤ ਕਰਨ ਲਈ ਤਿਆਰੀ ਨੂੰ ਵਧਾਇਆ ਜਾ ਸਕੇ।

ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਨਰ ਦੇ ਪਾੜੇ ਨੂੰ ਖ਼ਤਮ ਕਰਨ ਲਈ ਸੋਨਾਲੀਕਾ, ਹੀਰੋ ਆਦਿ ਸਮੇਤ ਉਦਯੋਗਿਕ ਦਿੱਗਜ਼ਾਂ ਨਾਲ ਮਹੱਤਵਪੂਰਨ ਭਾਈਵਾਲੀਆਂ ਕੀਤੀਆਂ ਹਨ। ਉਹਨਾਂ ਅੱਗੇ ਕਿਹਾ ਕਿ ਇਹ ਭਾਈਵਾਲੀਆਂ ਆਈ.ਟੀ.ਆਈ. ਗ੍ਰੈਜੂਏਟ ਦੋਵੇਂ ਮਾਨਤਾ ਪ੍ਰਾਪਤ ਯੋਗਤਾਵਾਂ ਅਤੇ ਵਿਹਾਰਕ ਉਦਯੋਗਿਕ ਹੁਨਰ ਪ੍ਰਾਪਤ ਕਰਨਾ ਯਕੀਨੀ ਬਣਾਉਂਦੀਆਂ ਹਨ। ਸ. ਬੈਂਸ ਨੇ ਦੱਸਿਆ ਕਿ ਪੰਜਾਬ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਵਿਖੇ ਫਰੀਦਾਬਾਦ ਦੀ ਵਿਕਟੂਰਾ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ (ਵੀ.ਟੀ.ਪੀ.ਐਲ.) ਦੀ ਮਦਦ ਨਾਲ ਆਪਣੀ ਕਿਸਮ ਦਾ ਪਹਿਲਾ ਬੀ.ਟੈਕ. ਇਨ ਮਕੈਨੀਕਲ ਇੰਜੀਨੀਅਰਿੰਗ (ਇੰਡਸਟਰੀ ਇੰਟੀਗ੍ਰੇਟਿਡ) ਪ੍ਰੋਗਰਾਮ ਸ਼ੁਰੂ ਕੀਤਾ। ਇਹ ਦੇਸ਼ ਭਰ ਵਿੱਚ ਪਹਿਲਾ ਕੋਰਸ ਹੈ, ਜਿਸ ਤਹਿਤ ਪਹਿਲੇ ਸਮੈਸਟਰ ਤੋਂ ਹੀ ਵਿਦਿਆਰਥੀ ਉਦਯੋਗ ਦਾ ਹਿੱਸਾ ਬਣ ਜਾਵੇਗਾ ਅਤੇ ਇੰਡਸਟਰੀ ਕੈਂਪਸ ਨੂੰ ਯੂਨੀਵਰਸਿਟੀ ਦਾ ਇੱਕ ਡੀਮਡ ਕੈਂਪਸ ਮੰਨਿਆ ਜਾਵੇਗਾ। ਸ. ਹਰਜੋਤ ਸਿੰਘ ਬੈਂਸ ਨੇ ਕੇਂਦਰੀ ਰਾਜ ਮੰਤਰੀ ਸ੍ਰੀ ਜਯੰਤ ਚੌਧਰੀ ਨੂੰ ਸਰਕਾਰੀ ਆਈ.ਟੀ.ਆਈ. ਲੁਧਿਆਣਾ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਅਤੇ ਆਪਣੇ ਉੱਨਤ ਉਪਕਰਣਾਂ ਤੇ ਆਧੁਨਿਕ ਲੈਬਾਟਰੀਆਂ ਸਦਕਾ ਇਸਨੂੰ ਦੇਸ਼ ਭਰ ਵਿੱਚ ਤਕਨੀਕੀ ਸਿੱਖਿਆ ਲਈ ਇੱਕ ਮਾਡਲ ਵਜੋਂ ਪੇਸ਼ ਕੀਤਾ। ਸ. ਬੈਂਸ ਨੇ ਇਸ ਮੌਕੇ ਸ੍ਰੀ ਚੌਧਰੀ ਵਲੋਂ ਮਿਲ ਰਹੇ ਸਹਿਯੋਗ ਵਿਸ਼ੇਸ਼ ਤੌਰ 'ਤੇ ਪਿਛਲੇ ਤਿੰਨ ਸਾਲਾਂ ਦੌਰਾਨ ਵੱਖ-ਵੱਖ ਤਕਨੀਕੀ ਸਿੱਖਿਆ ਸਬੰਧੀ ਪਹਿਲਕਦਮੀਆਂ ਵਿੱਚ ਉਹਨਾਂ ਵੱਲੋਂ ਕੀਤੀ ਸਹਾਇਤਾ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ।

Have something to say? Post your comment

 

More in Chandigarh

ਪੰਜਾਬ ਰਾਜ ਸਭਾ ਉਮੀਦਵਾਰ ਰਜਿੰਦਰ ਗੁਪਤਾ ਨੂੰ ਚੋਣ ਸਰਟੀਫਿਕੇਟ ਦਿੱਤਾ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਮੰਤਰੀਆਂ ਵੱਲੋਂ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੂੰ ਸੱਦਾ

ਸਪੀਕਰ ਵੱਲੋਂ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਸ਼ਰਧਾ ਦੇ ਫੁੱਲ ਭੇਟ

ਦੁਨੀਆ ਭਰ ਦੀਆਂ ਨਾਮੀ ਕੰਪਨੀਆਂ ਪੰਜਾਬ ‘ਚ ਨਿਵੇਸ਼ ਲਈ ਕਤਾਰ ਬੰਨ੍ਹ ਕੇ ਖੜ੍ਹੀਆਂ: ਮੁੱਖ ਮੰਤਰੀ

ਗੁਰਮੀਤ ਸਿੰਘ ਖੁੱਡੀਆਂ ਨੇ 25 ਵੈਟਰਨਰੀ ਇੰਸਪੈਕਟਰਾਂ ਸਮੇਤ ਕੁੱਲ 28 ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

‘ਯੁੱਧ ਨਸਿ਼ਆਂ ਵਿਰੁੱਧ’: 228ਵੇਂ ਦਿਨ ਪੰਜਾਬ ਪੁਲਿਸ ਨੇ 75 ਨਸ਼ਾ ਤਸਕਰਾਂ ਨੂੰ 296 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ

ਇਨਵੈਸਟ ਪੰਜਾਬ ਦੇ ਬੰਗਲੁਰੂ ਆਊਟਰੀਚ ਵਿੱਚ ਵੱਡੀ ਗਿਣਤੀ ‘ਚ ਪਹੁੰਚੇ ਨਿਵੇਸ਼ਕ: ਕੈਬਨਿਟ ਮੰਤਰੀ ਸੰਜੀਵ ਅਰੋੜਾ

ਵਿਜੀਲੈਂਸ ਬਿਊਰੋ ਨੇ ਵਸੀਕਾ ਨਵੀਸ 30000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਸਰਕਾਰ ਦਾ ਵਾਅਦਾ ਵਫ਼ਾ ਹੋਇਆ, ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ 3.50 ਕਰੋੜ ਰੁਪਏ ਦੀ ਪਹਿਲੀ ਮੁਆਵਜ਼ਾ ਕਿਸ਼ਤ ਜਾਰੀ

ਦੀਵਾਲੀ ਤੋਂ ਪਹਿਲਾਂ ਇੱਕ ਹੋਰ ਏਕੇ-47 ਰਾਈਫਲ, ਤਿੰਨ ਗਲੌਕ ਪਿਸਤੌਲਾਂ ਬਰਾਮਦ; ਤਿੰਨ ਵਿਅਕਤੀ ਕਾਬੂ