ਸੁਨਾਮ : ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਦੇ ਖੇਤਾਂ ਵਿੱਚ ਜਮ੍ਹਾਂ ਹੋਇਆ ਬਰਸਾਤੀ ਪਾਣੀ ਕੱਢਣ ਨੂੰ ਲੈਕੇ ਪੁਲਿਸ ਮੁਲਾਜ਼ਮਾਂ ਅਤੇ ਪਿੰਡ ਦੇ ਲੋਕਾਂ ਦਰਮਿਆਨ ਭਾਰੀ ਤਕਰਾਰ ਹੋ ਗਿਆ । ਪਿੰਡ ਦੇ ਕਿਸਾਨ, ਖੇਤਾਂ ਨਾਲ ਲੱਗਦੇ ਨਾਲ਼ੇ (ਡਰੇਨ) ਦੇ ਕੰਢੇ ਨੂੰ ਤੋੜਕੇ ਖੇਤਾਂ 'ਚ ਇਕੱਠੇ ਹੋਏ ਪਾਣੀ ਨੂੰ ਡਰੇਨ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਪੁਲਿਸ ਨੇ ਮੌਕੇ ਤੇ ਜਾਕੇ ਉਨ੍ਹਾਂ ਨੂੰ ਰੋਕ ਦਿੱਤਾ। ਪੁਲਿਸ ਦਾ ਕਹਿਣਾ ਸੀ ਕਿ ਜੇਕਰ ਡਰੇਨ ਓਵਰਫ਼ਲੋ ਹੋ ਗਈ ਤਾਂ ਇਹ ਪਾਣੀ ਪਿੰਡ ਵਿੱਚ ਦਾਖ਼ਲ ਹੋ ਸਕਦਾ ਹੈ।
ਇਸ ਗੱਲ 'ਤੇ ਮੁੱਖ ਮੰਤਰੀ ਦੇ ਪਿੰਡ ਸਤੌਜ ਦੇ ਲੋਕ ਗੁੱਸੇ 'ਚ ਆ ਗਏ ਅਤੇ ਸੋਸ਼ਲ ਮੀਡੀਆ 'ਤੇ ਕਈ ਲਾਈਵ ਵੀਡੀਓ ਵਾਇਰਲ ਕਰ ਦਿੱਤੀਆਂ। ਇਸ ਦੌਰਾਨ ਲੋਕ ਪ੍ਰਸ਼ਾਸਨ ਨਾਲ ਬਹਿਸ ਕਰਦੇ ਹੋਏ ਵੀਡੀਓ ਵਿੱਚ ਨਜ਼ਰ ਆਏ। ਪਿੰਡ ਸਤੌਜ ਦੇ ਲਾਭੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਕਿਹਾ, “ਮੁੱਖ ਮੰਤਰੀ ਦੇ ਪਿੰਡ ਦੇ ਲੋਕਾਂ ਦੀ ਪ੍ਰਸ਼ਾਸਨ ਨਹੀਂ ਸੁਣ ਰਿਹਾ। ਜੇਕਰ ਖੇਤਾਂ ਵਿੱਚੋਂ ਖੜ੍ਹਾ ਬਰਸਾਤੀ ਪਾਣੀ ਨਾ ਕੱਢਿਆ ਗਿਆ ਤਾਂ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਜਾਣਗੀਆਂ।” ਉਨ੍ਹਾਂ ਆਖਿਆ ਕਿ ਸਤੌਜ ਦੇ ਖੇਤਾਂ 'ਵਿੱਚ ਮੀਂਹ ਦਾ ਪਾਣੀ ਆਸ-ਪਾਸ ਦੇ ਇਲਾਕਿਆਂ ਤੋਂ ਆਇਆ ਹੈ। ਫਿਰ ਪ੍ਰਸ਼ਾਸਨ ਨੇ ਇਹ ਪਾਣੀ ਰੋਕਣ ਲਈ ਪਹਿਲਾਂ ਕਿਉਂ ਯਤਨ ਨਹੀਂ ਕੀਤਾ ? ਇਸੇ ਦੌਰਾਨ ਲੋਕਾਂ ਦੇ ਵੱਧ ਰਹੇ ਗੁੱਸੇ ਨੂੰ ਵੇਖਦਿਆਂ, ਪੁਲਿਸ ਅਤੇ ਪ੍ਰਸ਼ਾਸਨ ਨੇ ਬਾਅਦ ਵਿੱਚ ਪਿੰਡ ਵਾਸੀਆਂ ਅਤੇ ਕਿਸਾਨਾਂ ਦੀ ਮੰਗ 'ਤੇ ਡਰੇਨ ਦੇ ਕਿਨਾਰੇ ਨੂੰ ਤੋੜਕੇ ਪਾਣੀ ਕੱਢਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਖੇਤਾਂ 'ਚੋਂ ਤੇਜ਼ੀ ਨਾਲ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਅਤੇ ਕਿਸਾਨ ਸ਼ਾਂਤ ਹੋ ਗਏ। ਦੱਸ ਦੇਈਏ ਕਿ ਉਕਤ ਮਾਮਲੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਟਰੈਵਲ ਕਰ ਰਹੀਆਂ ਹਨ।