ਲਾਗ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਖ਼ੁਦ ਇਲਾਜ ਨਾ ਕੀਤਾ ਜਾਵੇ
ਮੋਹਾਲੀ : ਬਰਸਾਤੀ ਮੌਸਮ ਅਤੇ ਹੜ੍ਹਾਂ ਕਾਰਨ ਸਿਹਤ ਸਬੰਧੀ ਖ਼ਤਰੇ ਨੂੰ ਵੇਖਦਿਆਂ ਜ਼ਿਲ੍ਹਾ ਸਿਹਤ ਵਿਭਾਗ ਨੇ ਲੋਕਾਂ ਦੀ ਸੁਰੱਖਿਆ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਕਿ ਹੜ੍ਹ ਦੌਰਾਨ ਪਾਣੀ ਕਾਰਨ ਪੈਦਾ ਹੋਣ ਵਾਲੀਆਂ ਬੀਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਨ੍ਹਾਂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣਾ ਜ਼ਰੂਰੀ ਹੈ। ਉਨ੍ਹਾਂ ਦਸਿਆ ਕਿ ਦੂਸ਼ਿਤ ਪਾਣੀ ਕਾਰਨ ਦਸਤ, ਟਾੲਫ਼ਾਈਡ, ਪੀਲੀਆ, ਹੈਜ਼ਾ, ਚਮੜੀ ਦੀਆਂ ਲਾਗਾਂ ਜਿਹੀਆਂ ਬੀਮਾਰੀਆਂ ਅਤੇ ਸੱਪ ਦੇ ਵੱਢਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਦੁਆਰਾ ਦਿਤੀ ਗਈ ਸਲਾਹ ’ਤੇ ਅਮਲ ਕਰਦਿਆਂ ਉਹ ਆਪਣਾ ਬਚਾਅ ਕਰ ਸਕਦੇ ਹਨ। ਉਨ੍ਹਾਂ ਦਸਿਆ ਕਿ ਇਨਫੈਕਸ਼ਨ ਵਾਲੀਆਂ ਬੀਮਾਰੀਆਂ ਤੋਂ ਬਚਾਅ ਅਤੇ ਕੰਟਰੋਲ ਕਰਨ ਲਈ ਪੀਣ ਲਈ ਸਿਰਫ਼ ਸਾਫ਼ ਪਾਣੀ ਦੀ ਹੀ ਵਰਤੋਂ ਕੀਤੀ ਜਾਵੇ। ਪੀਣ ਵਾਲੇ ਪਾਣੀ ਨੂੰ ਉਬਾਲ ਕੇ ਠੰਢਾ ਕਰਕੇ ਵਰਤਿਆ ਜਾਵੇ। ਇੰਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਸਮੇਂ ਸਮੇਂ ’ਤੇ ਸਾਬਣ ਅਤੇ ਪਾਣੀ ਨਾਲ ਹੱਥ ਧੋਤੇ ਜਾਣ। ਹੜ੍ਹ ਦੇ ਪਾਣੀ ਨਾਲ ਗਿੱਲੇ ਖਾਣੇ ਨੂੰ ਖਾਣ ਤੋਂ ਪ੍ਰਹੇਜ਼ ਕਰੋ।ਜੇ ਕਿਸੇ ਨੂੰ ਬੁਖਾਰ ਜਾਂ ਦਸਤ ਦੀ ਸਮੱਸਿਆ ਆਉਂਦੀ ਹੈ ਤਾਂ ਮੈਡੀਕਲ ਕੈਂਪ ਜਾਂ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰ ਨੂੰ ਮਿਲੋ ਅਤੇ ਖ਼ੁਦ ਇਲਾਜ ਨਾ ਕੀਤਾ ਜਾਵੇ। ਜੇਕਰ ਕਿਸੇ ਕਲਸਟਰ (ਜਿਵੇਂ ਇੱਕ ਹੀ ਜਗ੍ਹਾ ’ਤੇ 3 ਤੋਂ ਵੱਧ ਇਨਫੈਕਸ਼ਨ ਵਾਲੇ ਕੇਸ) ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਸਿਹਤ ਸੰਸਥਾਵਾਂ ਨੂੰ ਸੂਚਿਤ ਕੀਤਾ ਜਾਵੇ। ਹੜ੍ਹ ਦੌਰਾਨ ਦੂਸ਼ਿਤ ਪਾਣੀ ਅਤੇ ਕੀੜਿਆਂ ਦੁਆਰਾ ਕੱਟਣ ਨਾਲ ਆਮ ਤੌਰ ਉੱਤੇ ਚਮੜੀ ਉੱਤੇ ਬੈਕਟੀਰੀਅਲ (ਇਨਫੈਕਸ਼ਨ ਲਾਗ) ਹੋ ਜਾਂਦੀ ਹੈ। ਚਮੜੀ ਦੀ ਲਾਗ ਨੂੰ ਰੋਕਣ ਲਈ ਰਬੜ ਦੇ ਬੂਟ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਏ ਜਾਣ। ਇਲਾਜ ਲਈ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿਚ ਫੇਰੀ ਪਾਈ ਜਾਵੇ। ਕੱਟੇ ਹੋਏ ਫ਼ਲ ਅਤੇ ਸਬਜ਼ੀਆਂ ਨਾ ਖ਼ਰੀਦੀਆਂ ਜਾਣ ਅਤੇ ਨਾ ਹੀ ਵਰਤੀਆਂ ਜਾਣ। ਹੜ੍ਹ ਦੌਰਾਨ ਸੱਪ ਦੇ ਕੱਟਣ ਦੀਆਂ ਘਟਨਾਵਾਂ ਆਮ ਹਨ, ਇਸ ਲਈ ਕੋਸ਼ਿਸ਼ ਕਰੋ ਕਿ ਪਾਣੀ ਵਿੱਚ ਨਾ ਜਾਉ। ਜੇਕਰ ਪਾਣੀ ਵਿੱਚ ਜਾਣਾ ਜ਼ਰੂਰੀ ਹੈ ਤਾਂ ਲੰਬੇ ਬੂਟ ਪਾਉ। ਜੇਕਰ ਸੱਪ ਕੱਟ ਜਾਂਦਾ ਹੈ ਤਾਂ ਜਲਦੀ ਤੋਂ ਜਲਦੀ ਨਜ਼ਦੀਕੀ ਸਿਹਤ ਸੰਸਥਾ ਵਿਚ ਪਹੁੰਚਿਆ ਜਾਵੇ, ਜਿਥੇ ਸੱਪ ਦੇ ਵੱਢਣ ਦਾ ਇਲਾਜ ਬਿਲਕੁਲ ਮੁਫ਼ਤ ਹੈ। ਉਨ੍ਹਾਂ ਦਸਿਆ ਕਿ ਸਿਹਤ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਮੈਡੀਕਲ ਹੈਲਪਲਾਈਨ 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।