ਪੀੜਤ ਮੋਬਾਈਲ ਫੋਨ ਰਾਹੀਂ ਚੋਰੀ ਅਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਾ ਸਕਣਗੇ
ਪਟਿਆਲਾ : ਡਿਜੀਟਲ ਸੁਰੱਖਿਆ ਅਤੇ ਉਪਭੋਗਤਾ ਸਸ਼ਕਤੀਕਰਨ ਵੱਲ ਮਹੱਤਵਪੂਰਨ ਕਦਮ ਚੁੱਕਦਿਆਂ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ), ਰੀਜਨਲ ਦਫ਼ਤਰ ਦਿੱਲੀ ਵੱਲੋਂ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਸਾਈਬਰ ਹਾਈਜੀਨ ਬਾਰੇ ਉਪਭੋਗਤਾ ਆਉਟਰੀਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਪਟਿਆਲਾ ਕਨਜ਼ਿਊਮਰ ਐਂਡ ਟੈਲੀਫੋਨ ਸਬਸਕ੍ਰਾਈਬਰਜ਼ ਫੋਰਮ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਸਥਾਨਕ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਹਿਸ੍ਹਾ ਲਿਆ ਗਿਆ।
ਪ੍ਰੋਗਰਾਮ ਵਿੱਚ ਵਿਦਿਆਰਥੀਆਂ, ਫੈਕਲਟੀ ਮੈਂਬਰਾਂ, ਟੈਲੀਕਾਮ ਸੇਵਾ ਪ੍ਰਦਾਤਾ ਅਤੇ ਟ੍ਰਾਈ ਨਾਲ ਰਜਿਸਟਰ ਕੀਤੇ ਉਪਭੋਗਤਾ ਸਮੂਹਾਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਮਕਸਦ ਲੋਕਾਂ ਨੂੰ ਸਾਈਬਰ ਖ਼ਤਰਿਆਂ, ਸਪੈਮ ਸੰਚਾਰ ਅਤੇ ਅਜੋਕੇ ਡਿਜੀਟਲ ਯੁੱਗ ਵਿੱਚ ਸੁਰੱਖਿਅਤ ਔਨਲਾਈਨ ਪ੍ਰਕਿਰਿਆ ਅਪਣਾਉਣ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ।
ਪ੍ਰੋਗਰਾਮ ਦੌਰਾਨ ਪਟਿਆਲਾ ਪੁਲਿਸ ਦੀ ਸਾਈਬਰ ਕ੍ਰਾਈਮ ਸੈੱਲ ਦੇ ਅਧਿਕਾਰੀਆਂ ਨੇ ਮੰਚ ਤੋਂ ਸੰਬੋਧਨ ਕੀਤਾ। ਉਨ੍ਹਾਂ ਲੋਕਾਂ ਨੂੰ ਵੱਧ ਰਹੇ ਸਾਈਬਰ ਅਪਰਾਧਾਂ, ਫ਼ਿਸ਼ਿੰਗ ਹਮਲਿਆਂ, ਵਿੱਤੀ ਧੋਖਾਧੜੀਆਂ ਅਤੇ ਸਾਈਬਰ ਅਪਰਾਧੀਆਂ ਵੱਲੋਂ ਵਰਤੀਆਂ ਜਾਣ ਵਾਲੀਆਂ ਸੋਸ਼ਲ ਇੰਜੀਨੀਅਰਿੰਗ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸੰਬੋਧਨ ਦੌਰਾਨ ਨਿੱਜੀ ਜਾਗਰੂਕਤਾ ਤੇ ਜ਼ਿੰਮੇਵਾਰ ਡਿਜੀਟਲ ਵਰਤਾਰੇ ਦੀ ਫੌਰੀ ਲੋੜ 'ਤੇ ਜ਼ੋਰ ਦਿੱਤਾ।
ਇਸ ਤੋਂ ਇਲਾਵਾ, ਟ੍ਰਾਈ ਦੇ ਸੀਨੀਅਰ ਅਧਿਕਾਰੀਆਂ ਰਾਜੇਸ਼ ਤ੍ਰਿਪਾਠੀ ਅਤੇ ਸੁਸ਼ੀਲ ਕੁਮਾਰ ਬੰਸਲ ਨੇ ਉਪਭੋਗਤਾਵਾਂ ਨੂੰ ਬਿਨਾ ਮੰਗੇ ਸੰਚਾਰ ਅਤੇ ਔਨਲਾਈਨ ਧੋਖਾਧੜੀ ਤੋਂ ਬਚਾਉਣ ਲਈ ਕੀਤੇ ਜਾ ਰਹੇ ਰੈਗੂਲੇਟਰੀ ਉਪਾਅ ਅਤੇ ਖਪਤਕਾਰ-ਅਨੁਕੂਲ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਟ੍ਰਾਈ ਦੇ ਸਪੈਮ ਰੋਕਣ, ਪਾਰਦਰਸ਼ਤਾ ਯਕੀਨੀ ਬਣਾਉਣ ਅਤੇ ਟੈਲੀਕਾਮ ਖੇਤਰ ਵਿੱਚ ਉਪਭੋਗਤਾ ਅਧਿਕਾਰਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ।
ਪ੍ਰੋਗਰਾਮ ਦੌਰਾਨ ਟ੍ਰਾਈ ਡੀਐਨਡੀ 3.0 ਐਪ ਅਤੇ ਸੰਚਾਰ ਸਾਥੀ ਪੋਰਟਲ ਦੀ ਲਾਈਵ ਡੈਮੋਨਸਟ੍ਰੇਸ਼ਨ ਵੀ ਦਿੱਤੀ ਗਈ। ਇਸ ਮੌਕੇ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਲੋਕਾਂ ਨੂੰ ਦੱਸਿਆ ਗਿਆ ਕਿ ਕਿਵੇਂ ਇਹਨਾਂ ਪਲੇਟਫਾਰਮਾਂ ਦੀ ਵਰਤੋਂ ਕਰਕੇ ਸਪੈਮ ਕਾਲਾਂ ਅਤੇ ਸੁਨੇਹਿਆਂ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ, ਧੋਖਾਧੜੀ ਭਰੀਆਂ ਕਾਲਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਆਪਣੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ। ਇਸ ਦੌਰਾਨ ਕਈ ਲੋਕਾਂ ਨੇ ਡੀਐਨਡੀ 3.0 ਐਪ ਡਾਊਨਲੋਡ ਅਤੇ ਇੰਸਟਾਲ ਵੀ ਕੀਤੀ ਅਤੇ ਜ਼ਿੰਮੇਵਾਰ ਡਿਜੀਟਲ ਵਰਤਾਰਾ ਅਪਣਾਉਣ ਅਤੇ ਆਪਣੇ ਸਾਥੀਆਂ ਤੇ ਪਰਿਵਾਰਕ ਮੈਂਬਰਾਂ 'ਚ ਜਾਗਰੂਕਤਾ ਫੈਲਾਉਣ ਦਾ ਵਾਅਦਾ ਕੀਤਾ।
ਇਹ ਸਮਾਗਮ ਇੰਟਰੈਕਟਿਵ ਸੈਸ਼ਨ ਨਾਲ ਸੰਪੰਨ ਹੋਇਆ, ਜਿਸ ਦੌਰਾਨ ਪ੍ਰਤੀਭਾਗੀਆਂ ਨੇ ਸਾਈਬਰ ਹਾਈਜੀਨ, ਸਪੈਮ ਰਿਪੋਰਟਿੰਗ ਅਤੇ ਡਾਟਾ ਸੁਰੱਖਿਆ ਨਾਲ ਸਬੰਧਿਤ ਸਵਾਲ ਕੀਤੇ, ਜਿਨ੍ਹਾਂ ਦੇ ਜੁਆਬ ਵਿਸ਼ੇਸ਼ ਮਹਿਮਾਨਾਂ ਵੱਲੋਂ ਮੌਕੇ 'ਤੇ ਦਿੱਤੇ ਗਏ।