ਲਹਿਰਾਗਾਗਾ : ਸਥਾਨਕ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਲੱਗਦੀਆਂ ਡਰੇਨਾਂ ਦੀ ਅਜੇ ਤੱਕ ਸਫਾਈ ਨਹੀਂ ਹੋਈ, ਜਦੋਂ ਕਿ ਡਰੇਨਾਂ ਦੀ ਸਫਾਈ ਦਾ ਕੰਮ ਅੱਧ ਜੂਨ ਤੱਕ ਖਤਮ ਹੋਣਾ ਚਾਹੀਦਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਖਜ਼ਾਨਚੀ ਲਖਵਿੰਦਰ ਸਿੰਘ ਡੂਡੀਆ ਅਤੇ ਜਰਨਲ ਸਕੱਤਰ ਰਾਮਫਲ ਸਿੰਘ ਜਲੂਰ ਨੇ ਦੱਸਿਆ ਕਿ ਹਲਕੇ ਦੀ ਲਹਿਰਾ ਮੇਨ ਡਰੇਨ, ਲਹਿਰਾ ਤੋਂ ਮੂਨਕ ਡਰੇਨ, ਜਾਖਲ ਬੁਢਲਾਡਾ ਰੋਡ ਤੇ ਸਥਿਤ ਡਰੇਨ, ਬਖੋਰਾ ਕਲਾਂ ਤੋਂ ਲੇਹਲ ਕਲਾਂ ਦੇ ਰਸਤੇ ਪੈਂਦੀ ਡਰੇਨ ਤੋਂ ਬਿਨਾਂ ਹੋਰ ਵੀ ਕਈ ਡਰੇਨਾਂ ਦੀ ਸਫਾਈ ਦਾ ਕਰੋੜਾਂ ਰੁਪਏ ਦਾ ਠੇਕਾ ਦਿੱਤਾ ਗਿਆ ਹੈ, ਪ੍ਰੰਤੂ ਕਿਤੇ ਵੀ ਧੇਲਾ ਲੱਗਿਆ ਵਿਖਾਈ ਨਹੀਂ ਦਿੰਦਾ। ਇਸ ਸਬੰਧੀ ਉਕਤ ਆਗੂਆਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਬਰਸਾਤਾਂ ਪੂਰੇ ਜੋਰ ਤੇ ਹਨ ਇਹਨਾਂ ਡਰੇਨਾਂ ਦੀ ਸਫਾਈ ਨਾ ਹੋਣ ਦਾ ਖਮਿਆਜਾ ਕਿਸਾਨਾਂ ਤੋਂ ਇਲਾਵਾ ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਪਿੰਡ ਚੋਟੀਆਂ ਕੋਲ ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ ਅਤੇ ਚੋਟੀਆਂ ਪਿੰਡ ਦੇ ਘਰਾਂ ਵਿੱਚ ਪਾਣੀ ਵੜਨ ਵਾਲਾ ਹੈ। ਲਹਿਰਾ- ਜਾਖਲ ਰੋਡ ਉੱਤੇ ਪੈਰਾਮਾਉਂਟ ਸਕੂਲ ਕੋਲ ਮੇਨ ਸੜਕ ਉੱਤੇ ਕਈ ਕਈ ਫੁੱਟ ਪਾਣੀ ਖੜਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਡਰੇਨਾਂ ਦੇ ਟੈਂਡਰ ਅਪ੍ਰੈਲ ਮਈ ਵਿੱਚ ਹੋ ਜਾਂਦੇ ਹਨ ਅਤੇ ਇਨਾਂ ਦਾ ਕੰਮ ਅੱਧ ਜੂਨ 30 ਤੱਕ ਮੁਕੰਮਲ ਕਰਨਾ ਹੁੰਦਾ ਹੈ, ਪ੍ਰੰਤੂ ਅਜੇ ਤੱਕ ਕਿਤੇ ਸਫਾਈ ਸ਼ੁਰੂ ਹੀ ਨਹੀਂ ਹੋਈ। ਡਰੇਨਾਂ ਵਿੱਚ ਉਸੇ ਤਰ੍ਹਾਂ ਦਰੱਖਤ ਡਿੱਗੇ ਪਏ ਹਨ। ਕਈ ਕਈ ਫੁੱਟ ਹਲਦੀ ਪੱਤੀ ਅਤੇ ਘਾਹ ਬੂਟੀ ਉੱਗੀ ਹੋਈ ਹੈ। ਇਹਨਾਂ ਆਗੂਆਂ ਨੇ ਦੱਸਿਆ ਕਿ ਠੇਕੇਦਾਰ ਜਾਣ ਬੁੱਝ ਕੇ ਸਫਾਈ ਨਹੀਂ ਕਰਦੇ, ਕਿਉਂਕਿ ਬਾਰਿਸ਼ ਪੈਣ ਤੇ ਇਹਦੇ ਵਿਚਲੀ ਘਾਹ ਬੂਟੀ ਹੜਕੇ ਚਲੀ ਜਾਂਦੀ ਹੈ। ਪ੍ਰੰਤੂ ਇਸ ਵਾਰ ਜਿਆਦਾ ਪਈ ਬਾਰਸ਼ ਕਾਰਨ ਡਰੇਨਾਂ ਦੀ ਸਫਾਈ ਨਾ ਹੋਣ ਦੀ ਵਜ੍ਹਾ ਨਾਲ ਓਵਰਫਲੋ ਹੋ ਰਹੀਆਂ ਹਨ। ਦੂਜੇ ਪਾਸੇ ਮੌਸਮ ਵਿਭਾਗ ਆਉਣ ਵਾਲੇ ਦਿਨਾਂ ਵਿੱਚ ਵੀ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕਰ ਰਿਹਾ ਹੈ।
ਕੀ ਕਹਿਣਾ ਹੈ ਡਰੇਨ ਵਿਭਾਗ ਦੇ ਐਸਡੀਓ ਦਾ:--
ਜਦੋਂ ਡਰੇਨਾਂ ਦੀ ਸਫਾਈ ਨਾਂ ਹੋਣ ਸਬੰਧੀ ਡਰੇਨ ਵਿਭਾਗ ਦੇ ਐਸਡੀਓ ਚੇਤਨ ਗੁਪਤਾ ਨੂੰ ਪੁੱਛਿਆ ਤਾਂ ਉਹਨਾਂ ਕਿਹਾ, ਕਿ ਸਫਾਈ ਹੋਈ ਹੈ, ਪ੍ਰੰਤੂ ਪਾਣੀ ਹੀ ਵੱਧ ਆ ਗਿਆ ਹੈ। ਜਦੋਂ ਉਨ੍ਹਾਂ ਨੂੰ ਕਿਹਾ ਕਿ ਤਿੰਨ ਦਿਨ ਪਹਿਲਾਂ 23 ਅਗਸਤ ਦੀਆਂ ਸਾਡੇ ਕੋਲ ਫੋਟੋਆਂ ਹਨ ਜਦੋਂ ਡਰੇਨਾਂ ਵਿੱਚ ਨਾਂ ਮਾਤਰ ਪਾਣੀ ਸੀ ਅਤੇ ਕਿਤੇ ਵੀ ਸਫਾਈ ਨਹੀਂ ਹੋਈ ਸੀ ਜਿਸ ਸਬੰਧੀ ਉਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਇਸ ਤੋਂ ਲੱਗਦਾ ਹੈ ਕਿ ਦਾਲ ਵਿੱਚ ਕਾਲਾ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੈ। ਉਪਰੋਕਤ ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਕਿ ਹੁਣ ਜਦੋਂ ਪੱਤਰਕਾਰ ਕਵਰੇਜ ਕਰਨ ਲੱਗ ਪਏ ਤਾਂ ਇੱਕਾ ਦੁਕਾ ਥਾਂ ਤੇ ਜਾ ਕੇ ਜੇਬੀਸੀ ਮਸ਼ੀਨਾਂ ਖੜਾ ਦਿੱਤੀਆਂ ਹਨ, ਜੋ ਹੁਣ ਸਿਰਫ ਉੱਠ ਤੋਂ ਛਾਲਣੀ ਲਾਹੁਣ ਵਾਲਾ ਕੰਮ ਹੈ।