ਸੂਬੇ ਦੀ ਸਰਕਾਰ ਤੇ ਪ੍ਰਸ਼ਾਸਨ ਲਵੇ ਲੋਕਾਂ ਦੀ ਸਾਰ : ਮਨੀ ਵੜ੍ਹੈਚ
ਸੁਨਾਮ : ਦੋ ਦਿਨਾਂ ਦੋ ਪੈ ਰਹੇ ਭਾਰੀ ਮੀਂਹ ਕਾਰਨ ਸੁਨਾਮ ਸ਼ਹਿਰ ਦੇ ਹਰ ਗਲੀ ਮੁਹੱਲੇ ਅਤੇ ਬਾਜ਼ਾਰਾਂ ਵਿੱਚ ਜਲਥਲ ਦੇ ਹਾਲਾਤ ਬਣੇ ਹੋਏ ਹਨ। ਅਜਿਹੇ ਵਿੱਚ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇੰਦਰਾ ਬਸਤੀ ਦੇ ਹਾਲਾਤ ਬਿਲਕੁਲ ਬਦਤਰ ਬਣੇ ਹੋਏ ਹਨ। ਬਰਸਾਤੀ ਪਾਣੀ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਗਲੀਆਂ ਵਿੱਚ ਗੋਡੇ ਗੋਡੇ ਪਾਣੀ ਖੜ੍ਹ ਜਾਂਦਾ ਹੈ। ਬੱਸ ਸਟੈਂਡ ਵਿੱਚ ਪਾਣੀ ਖੜ੍ਹਾ ਹੋ ਜਾਣ ਕਾਰਨ ਸਵਾਰੀਆਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ। ਬੱਸ ਸਟੈਂਡ ਨੇੜਲੇ ਫਾਟਕਾਂ ਦੀ ਜਗ੍ਹਾ ਰੇਲਵੇ ਵਿਭਾਗ ਵੱਲੋਂ ਅੰਡਰ ਬਰਿੱਜ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਸਟੇਡੀਅਮ ਰੋਡ ਵਾਲਾ ਅੰਡਰ ਬਰਿੱਜ ਸ਼ੈੱਡ ਪਾਏ ਜਾਣ ਦੇ ਬਾਵਜੂਦ ਮੀਂਹ ਦੇ ਪਾਣੀ ਨਾਲ ਨੱਕੋ ਨੱਕ ਭਰ ਗਿਆ ਹੈ। ਸ਼ਹਿਰ ਦੇ ਐਨ ਵਿਚਕਾਰ ਰੇਲਵੇ ਲਾਈਨ ਲੰਘਣ ਕਰਕੇ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਦੋਵੇਂ ਰੇਲਵੇ ਅੰਡਰ ਬਰਿੱਜਾਂ ਤੋਂ ਲੰਘਣਾ ਬੰਦ ਹੋ ਜਾਣ ਕਾਰਨ ਬਾਬਾ ਭਾਈ ਮੂਲ ਚੰਦ ਸਾਹਿਬ ਨੇੜਲੇ ਫਾਟਕਾਂ ਤੇ ਲੰਮੇ ਜਾਮ ਅਕਸਰ ਲੱਗ ਜਾਂਦੇ ਹਨ, ਫਲਾਈਓਵਰ ਤੋਂ ਲੰਘਣਾ ਹਾਦਸਿਆਂ ਨੂੰ ਸੱਦਾ ਦੇਣਾ ਹੈ। ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਸੁਨਾਮ ਦੇ ਬਾਹਰੀ ਇਲਾਕੇ ਵਿੱਚ ਜੀਵਨ ਬਸਰ ਕਰ ਬੇਘਰੇ ਝੁੱਗੀਆਂ ਝੌਂਪੜੀਆਂ 'ਚ ਰਹਿਣ ਵਾਲੇ ਡਾਢੇ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ਤੇ ਵੀਡੀਓ ਪਾਕੇ ਲੋਕਾਂ ਤੋਂ ਮੱਦਦ ਮੰਗ ਰਹੇ ਹਨ। ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਸੂਬੇ ਦੀ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਜਸ਼ੈਲੀ ਤੇ ਸਵਾਲ ਖੜ੍ਹੇ ਕਰਦਿਆਂ ਆਖਿਆ ਕਿ ਵਿਰੋਧੀ ਧਿਰ ਵਿੱਚ ਹੁੰਦਿਆਂ ਮੌਕੇ ਦੀਆਂ ਸਰਕਾਰਾਂ ਖ਼ਿਲਾਫ਼ ਕੂੜ ਪ੍ਰਚਾਰ ਕਰਨ ਵਾਲੇ ਸਮੇਂ ਦੇ ਹਾਕਮਾਂ ਨੂੰ ਬਰਸਾਤੀ ਪਾਣੀ ਕਾਰਨ ਜੂਝ ਰਹੇ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਹੜ੍ਹਾਂ ਨਾਲ ਜੂਝ ਰਹੇ ਪੰਜਾਬ ਨੂੰ ਲਵਾਰਿਸ ਛੱਡਕੇ ਦੂਜਿਆਂ ਸੂਬਿਆਂ ਵਿੱਚ ਐਸ਼ ਪ੍ਰਸਤੀ ਕਰ ਰਹੇ ਹਨ। ਸੂਬੇ ਦੀ ਜਨਤਾ ਇਸ ਦਾ ਹਿਸਾਬ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਤੋਂ ਲੈਣਗੇ।