ਮਨੀਸ਼ ਸਿਸੋਦੀਆ ਵਿਰੁੱਧ ਉਚਿੱਤ ਕਾਨੂੰਨੀ ਧਾਰਾਵਾਂ ਹੇਠ ਐਫ.ਆਈ.ਆਰ. ਦਰਜ ਕੀਤੀ ਜਾਵੇ : ਬਲਬੀਰ ਸਿੱਧੂ
ਮੋਹਾਲੀ : ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਅਤੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਡੀਸੀ ਅਤੇ ਐਸਐਸਪੀ ਨੂੰ ਇੱਕ ਮੰਗ ਪੱਤਰ ਸੌਂਪ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਵੱਲੋਂ ਦਿੱਤੇ ਗਏ ਭੜਕਾਊ ਅਤੇ ਗ਼ੈਰਕਾਨੂੰਨੀ ਬਿਆਨ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਨੇ ਦੱਸਿਆ ਕਿ ਹਾਲ ਹੀ ਵਿੱਚ ਇੱਕ ਪਾਰਟੀ ਮੀਟਿੰਗ ਦੌਰਾਨ ਆਪ ਆਗੂ ਮਨੀਸ਼ ਸਿਸੋਦੀਆ ਨੇ ਬਿਆਨ ਦਿੱਤਾ ਸੀ ਕਿ:
“2027 ਦੀਆਂ ਚੋਣਾਂ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਸਾਮ-ਦਾਮ, ਦੰਡ-ਭੇਦ, ਸੱਚ-ਝੂਠ, ਪ੍ਰਸ਼ਨ-ਉੱਤਰ, ਲੜਾਈ ਝਗੜਾ ਜੋ ਕਰਨਾ ਪਿਆ ਕਰਾਂਗੇ। ਕੀ ਤੁਸੀਂ ਤਿਆਰ ਹੋ?”
ਉਨ੍ਹਾਂ ਕਿਹਾ ਕਿ ਇਹ ਬਿਆਨ ਨਾ ਸਿਰਫ਼ ਲੋਕਤੰਤਰ ਤੇ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਸਮਾਜਿਕ ਸ਼ਾਂਤੀ ਅਤੇ ਕਾਨੂੰਨੀ ਵਿਵਸਥਾ ਨੂੰ ਵੀ ਖ਼ਤਰੇ ਵਿੱਚ ਪਾਉਂਦਾ ਹੈ। ਇਸ ਬਿਆਨ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਕਿ ਸਬੂਤ ਦੇ ਤੌਰ 'ਤੇ ਦਰਜ ਕੀਤੀ ਗਈ ਹੈ।
ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨਾਂ ਰਾਹੀਂ ਆਮ ਆਦਮੀ ਪਾਰਟੀ ਵਰਕਰਾਂ ਨੂੰ ਹਿੰਸਾ ਲਈ ਉਕਸਾਇਆ ਜਾ ਰਿਹਾ ਹੈ, ਜੋ ਕਿ ਕਈ ਕਾਨੂੰਨੀ ਧਾਰਾਵਾਂ ਹੇਠ ਸਜ਼ਾਯੋਗ ਅਪਰਾਧ ਹਨ। ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਨਿਮਨਲਿਖਤ ਕਾਨੂੰਨੀ ਧਾਰਾਵਾਂ ਦੇ ਤਹਿਤ ਮਨੀਸ਼ ਸਿਸੋਦੀਆ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ:
ਧਾਰਾ 171 ਅਤੇ 173, ਭਾਰਤੀ ਨਿਆਇਕ ਸੰਹਿਤ (BNS), 2023 – ਚੋਣਾਂ ਵਿੱਚ ਦਬਾਅ ਅਤੇ ਗ਼ਲਤ ਤਰੀਕਿਆਂ ਦੀ ਵਰਤੋਂ।
ਧਾਰਾ 353, BNS 2023 – ਜਨਤਕ ਵਿਘਨ ਪੈਦਾ ਕਰਨ ਵਾਲੇ ਬਿਆਨ।
ਧਾਰਾ 192, BNS 2023 – ਦੰਗੇ ਲਈ ਉਕਸਾਵਾ।
ਲੋਕ ਨੁਮਾਇੰਦਗੀ ਕਾਨੂੰਨ, 1951 – ਚੋਣਾਂ ਵਿੱਚ ਭ੍ਰਿਸ਼ਟ ਆਚਰਨ ਵਿਰੁੱਧ ਧਾਰਾਵਾਂ।
ਉਨ੍ਹਾਂ ਨੇ ਮੰਗ ਕੀਤੀ ਕਿ ਮਾਮਲੇ ਦੀ ਇਮਾਨਦਾਰ ਅਤੇ ਵਿਆਪਕ ਜਾਂਚ ਕੀਤੀ ਜਾਵੇ, ਜਿਸ ਵਿੱਚ ਵੀਡੀਓ ਕਲਿੱਪ ਦੀ ਫੋਰੈਂਸਿਕ ਜਾਂਚ ਵੀ ਸ਼ਾਮਿਲ ਹੋਵੇ, ਅਤੇ ਮਨੀਸ਼ ਸਿਸੋਦੀਆ ਵਿਰੁੱਧ ਐਫ.ਆਈ.ਆਰ. ਦਰਜ ਕਰ ਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹੇ ਬਿਆਨਾਂ 'ਤੇ ਰੋਕ ਨਾ ਲਾਈ ਗਈ ਤਾਂ ਇਹ ਆਉਣ ਵਾਲੀਆਂ ਚੋਣਾਂ ਦੌਰਾਨ ਪੰਜਾਬ ਵਿਚ ਸ਼ਾਂਤੀ ਭੰਗ ਕਰਨ ਅਤੇ ਕਾਨੂੰਨ ਵਿਵਸਥਾ ਵਿਗਾੜਨ ਦੇ ਖ਼ਤਰੇ ਨੂੰ ਜਨਮ ਦੇ ਸਕਦੇ ਹਨ।
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸ਼ਿਕਾਇਤ ਉੱਤੇ ਜਲਦ ਕਾਨੂੰਨੀ ਤੌਰ 'ਤੇ ਨੋਟਿਸ ਲੈ ਕੇ ਮਨੀਸ਼ ਸਿਸੋਦੀਆ ਵਿਰੁੱਧ ਉਚਿੱਤ ਕਾਨੂੰਨੀ ਧਾਰਾਵਾਂ ਹੇਠ ਐਫ.ਆਈ.ਆਰ. ਦਰਜ ਕੀਤੀ ਜਾਵੇ।