ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰੀ ਹੁਸ਼ਿਆਰਪੁਰ ਆਮਦ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਕੀਤਾ ਗਿਆ ਸਨਮਾਨ
ਹੁਸ਼ਿਆਰਪੁਰ : ਸ਼ਾਮ ਦਾਮ ਦੰਡ ਭੇਦ ਭਾਵ ਝੂਠ ਲੜਾਈ ਝਗੜੇ ਰਾਹੀਂ ਆਪਣੀ ਸਿਆਸਤ ਨੂੰ ਪੰਜਾਬੀਆਂ ਦੇ ਸਿਰ ਥੋਪਣ ਵਾਲੇ ਸਿਆਸੀ ਆਗੂ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਅਤੇ ਨਾ ਹੀ ਪੰਥ ਦੇ ਅਖੌਤੀ ਠੇਕੇਦਾਰਾਂ ਦਾ ਪੰਥ ਅਤੇ ਪੰਜਾਬ ਨਾਲ ਕੋਈ ਲੈਣਾ ਦੇਣਾ ਹੈ ਅਜਿਹੇ ਆਗੂਆਂ ਦਾ ਇੱਕ ਨੁਕਾਤੀ ਪ੍ਰੋਗਰਾਮ ਕੇਵਲ ਸੋਨੇ ਦੀ ਚਿੜੀ ਪੰਜਾਬ ਨੂੰ ਦੋਹਾਂ ਹੱਥਾਂ ਨਾਲ ਲੁੱਟਣਾ ਹੀ ਹੈ | ਇਹ ਵਿਚਾਰ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਐਤਵਾਰ ਨੂੰ ਹੁਸ਼ਿਆਰਪੁਰ ਦੇ ਗੁਰਦੁਆਰਾ ਜ਼ਾਹਰਾ ਜਹੂਰ ਪੁਰਹੀਰਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਇਕਾਈ ਵੱਲੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਗੜ੍ਹਸ਼ੰਕਰ ਦੀ ਅਗਵਾਈ ਹੇਠ ਕਰਵਾਏ ਸਨਮਾਨ ਸਮਾਰੋਹ ਮੌਕੇ ਪਾਰਟੀ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਆਗੂ ਵੀ ਮੌਜੂਦ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਪ੍ਰਤੀ ਅਜਿਹੀ ਘਟੀਆ ਸੋਚ ਰੱਖਣ ਵਾਲੇ ਸਿਆਸਤਦਾਨ ਇਹ ਭੁੱਲ ਗਏ ਨੇ ਅਜਿਹੇ ਹੁਕਮਰਾਨ ਬਹੁਤ ਆਏ ਤੇ ਬਹੁਤ ਗਏ ਪਰ ਪੰਜਾਬੀਆਂ ਨੇ ਕਦੇ ਆਪਣੀ ਅਣਖ ਨਾਲ ਸਮਝੌਤਾ ਨਹੀਂ ਕੀਤਾ ਅਤੇ ਨਾ ਹੀ ਆਪਣੀ ਪੱਗ ਨੂੰ ਦਾਗ ਲੱਗਣ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਅਤੇ ਪੰਜਾਬ ਦੀ ਸੱਤਾਧਾਰੀ ਧਿਰ ਵਲੋਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਖੇਡੀ ਜਾ ਰਹੀ ਸਿਆਸੀ ਨੂਰਾ ਕੁਸ਼ਤੀ ਨੂੰ ਤੁਰੰਤ ਬੰਦ ਕਰਨ ਅਤੇ ਦੋਹਾਂ ਹੀ ਸੱਤਾਧਾਰੀ ਪਾਰਟੀਆਂ ਨੂੰ ਸੂਬੇ ਨਾਲ ਜੁੜੇ ਮਸਲੇ ਹੱਲ ਕਰਨ ਪ੍ਰਤੀ ਤਾੜਨਾ ਕਰਦਿਆਂ ਕਿਹਾ ਕਿ ਇੱਕ ਸਿਆਸੀ ਡਰਾਮੇ ਹੇਠ ਪੰਜਾਬ ਦੇ ਲੋਕਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਦੋਵੇਂ ਸੱਤਾ ਧਿਰ ਨਾਲ ਜੁੜੀਆਂ ਪਾਰਟੀਆਂ ਆਪਣੀ ਗੰਦੀ ਖੇਡ ਖੇਡ ਰਹੀਆਂ ਹਨ ਪੰਜਾਬ ਦੇ ਤਾਜ਼ਾ ਹਾਲਤਾਂ ਦੀ ਕਿਸੇ ਨੂੰ ਕੋਈ ਫਿਕਰ ਨਹੀਂ ਹੈ ਹਰ ਖੇਤਰ ਵਿੱਚ ਸੂਬੇ ਦੀ ਹਾਲਤ ਬਦ ਤੋ ਬਦਤਰ ਹੁੰਦੀ ਜਾ ਰਹੀ ਹੈ। ਇਹਨਾਂ ਹਾਲਤਾਂ ਤੇ ਗੰਭੀਰਤਾ ਨਾਲ ਫੈਸਲਾ ਲੈਣ ਦੀ ਬਜਾਏ ਸਿਆਸੀ ਨੂਰਾ ਕੁਸ਼ਤੀ ਦਾ ਰਸਤਾ ਅਖ਼ਤਿਆਰ ਕੀਤਾ ਗਿਆ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੋਹਾਂ ਸਰਕਾਰਾਂ ਦੀ ਬੇਰੁੱਖੀ ਦੇ ਕਾਰਨ ਪੰਜਾਬ ਦੇ ਕਿਸਾਨ ਪ੍ਰੇਸ਼ਾਨ ਹੈ। ਕੋਈ ਉਦਯੋਗਿਕ ਨੀਤੀ ਨਾ ਬਣਨ ਨਾਲ ਸੂਬੇ ਵਿੱਚੋ ਵੱਡੇ ਉਦਯੋਗਿਕ ਪਲਾਟ ਬਾਹਰ ਜਾ ਰਹੇ ਹਨ। ਨੌਜਵਾਨਾਂ ਨੂੰ ਬੇਰੁਜਗਾਰੀ ਦੇ ਆਲਮ ਵਿਚੋਂ ਗੁਜਰਨਾ ਪੈ ਰਿਹਾ ਹੈ ਕੋਈ ਨਵੀਆਂ ਨੌਕਰੀਆਂ ਦੇ ਉਪਰਾਲੇ ਨਹੀਂ ਕੀਤੇ ਜਾ ਰਹੇ। ਨਸ਼ਿਆਂ ਨੂੰ ਠੱਲ ਪਵੇ, ਇਸ ਦਾ ਪੱਕਾ ਹੱਲ ਨਹੀਂ ਹੋ ਸਕਿਆ। ਗੈਂਗਸਟਰ ਵਾਦ ਦਾ ਬੋਲਬਾਲਾ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਜਿਸ ਨਾਲ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰਾਂ ਟੁੱਟ ਚੁੱਕੀ ਹੈ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀ ਆਪਸੀ ਮਿਲੀਭੁਗਤ ਕਾਰਨ ਬੰਦੀ ਸਿੰਘਾਂ ਦੇ ਅਹਿਮ ਮਸਲੇ ਤੇ ਕੋਈ ਫੈਸਲਾ ਨਹੀ ਕੀਤਾ ਜਾ ਰਿਹਾ ਅਤੇ ਦੋਹਾਂ ਸਰਕਾਰਾਂ ਵੱਲੋਂ ਇਸ ਮਾਮਲੇ ਤੇ ਬੜੀ ਸਫਾਈ ਨਾਲ ਗੇਂਦ ਇੱਕ ਦੂਜੇ ਦੇ ਪਾਲੇ ਵੱਲ ਸੁੱਟੀ ਜਾ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅੱਜ ਪੰਜਾਬ ਦੇ ਹਰ ਹਿੱਸੇ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਵਿੱਚ ਵਸੇ ਹਨ, ਇਸ ਕਰਕੇ ਪੰਜਾਬ ਤੋਂ ਕੈਨੇਡਾ ਅਤੇ ਅਮਰੀਕਾ ਲਈ ਤੁਰੰਤ ਫਲਾਈਟ ਸੁਰੂ ਕਰਨੀਆਂ ਚਾਹੀਦੀਆਂ ਹਨ। ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਤੁਰੰਤ ਪੰਜਾਬ ਦੇ ਸਾਰੇ ਏਅਰਪੋਰਟ ਨੂੰ ਡਰਾਈ ਪੋਰਟ ਐਲਾਨ ਕੀਤਾ ਜਾਵੇ ਅਤੇ ਗੁਆਂਢੀ ਮੁਲਕਾਂ ਨਾਲ ਵਪਾਰਕ ਸਬੰਧ ਸੁਖਾਲੇ ਕੀਤੇ ਜਾਣ। ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਆਰਡੀਐੱਫ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ,ਤਾਂ ਜੋ ਇਸ ਪੈਸੇ ਨਾਲ ਦਿਹਾਤੀ ਖੇਤਰਾਂ ਦੀ ਲਿੰਕ ਸੜਕਾਂ ਦੀ ਹਾਲਤ ਸੁਧਾਰੀ ਜਾ ਸਕੇ। ਉਨ੍ਹਾਂ ਕਿਹਾ ਕਿ ਖੇਤਰੀ ਪਾਰਟੀ ਨੂੰ ਕਮਜੋਰ ਕਰਨ ਲਈ ਦੋਵੇਂ ਸਿਆਸੀ ਧਿਰਾਂ ਨਕਲੀ ਅਕਾਲੀ ਦਲ ਨਾਲ ਮਿਲ ਕੇ ਸੂਬੇ ਦੀ ਸਿਆਸੀ ਧਿਰ ਨੂੰ ਸਾਜਿਸ਼ ਹੇਠ ਕਮਜੋਰ ਕਰਨ ਦਾ ਯਤਨ ਕਰ ਰਹੀਆਂ ਹਨ । ਇੱਕ ਸਿਆਸੀ ਸਮਝੋਤੇ ਹੇਠ ਬਰਗਾੜੀ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਮੁਲਜ਼ਮਾਂ ਨੂੰ ਬਚਾਉਣ ਲਈ ਜਾਂਚ ਪ੍ਰਭਾਵਿਤ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਲਾ ਹੁਸ਼ਿਆਰਪੁਰ ਦੇ ਜਥੇਬੰਦਕ ਢਾਂਚੇ ਦਾ ਗਠਨ ਕਰਨ ਤੋਂ ਪਹਿਲਾਂ ਅਬਜਰਵਰ ਲਾਇਆ ਜਾਏਗਾ ਜਿਸ ਦੀ ਅਗਵਾਈ ਦੇ ਵਿੱਚ ਡੈਲੀਗੇਟਾਂ ਰਾਹੀਂ ਜਿਲਾ ਪ੍ਰਧਾਨਗੀ ਲਈ ਚੋਣ ਕਰਕੇ ਜਲਦੀ ਹੀ ਜਥੇਬੰਦਕ ਢਾਂਚਾ ਗਠਿਤ ਕਰ ਦਿੱਤਾ ਜਾਏਗਾ | ਇਕੱਤਰਤਾ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾਂ ਦਲ,ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਸੰਤ ਬਲਵੀਰ ਸਿੰਘ ਟਿੱਬਾ ਸਾਹਿਬ,ਮਨਜੀਤ ਸਿੰਘ ਦਸੂਹਾ,ਹਰਬੰਸ ਸਿੰਘ ਮੰਝਪੁਰ, ਜਸਵਿੰਦਰ ਸਿੰਘ ਛਾਉਣੀ ਕਲਾਂ, ਸਤਵਿੰਦਰਪਾਲ ਸਿੰਘ ਰਮਦਾਸਪੁਰ , ਮਾ: ਕੁਲਵਿੰਦਰ ਸਿੰਘ ਜੰਡਾ, ਬਲਜੀਤ ਸਿੰਘ ਭੀਖੋਵਾਲ,ਮਨਪ੍ਰੀਤ ਸਿੰਘ,ਪਰਮਿੰਦਰ ਸਿੰਘ ਪੰਨੂ ਆਦਿ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ ਹੁਸ਼ਿਆਰਪੁਰ ਦੀ ਆਮਦ ਤੇ ਉਹਨਾਂ ਨੂੰ ਸ੍ਰੀ ਸਾਹਿਬ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹੁਸ਼ਿਆਰਪੁਰ ਦੇ ਪਾਰਟੀ ਵਰਕਰਾਂ ਵੱਲੋਂ 5 ਲੱਖ ਰੁਪਏ ਪਾਰਟੀ ਫੰਡ ਵੀ ਦਿੱਤਾ ਗਿਆ।