ਹੁਸ਼ਿਆਰਪੁਰ : ਅਵਾਰਾ ਕੁੱਤਿਆਂ ਦੀ ਵੱਧ ਰਹੀ ਤਦਾਦ ਅਤੇ ਉਹਨਾਂ ਵਲੋਂ ਕੀਤੇ ਜਾ ਰਹੇ ਕਹਿਰ ਕਾਰਨ ਸਮੂਚੇ ਦੇਸ਼ ਦੇ ਲੋਕ ਪ੍ਰੇਸ਼ਾਨ ਹਨ। ਇਸ ਕਾਰਨ ਹੀ ਦੇਸ਼ ਦੀ ਸਰਬਉਚ ਅਦਾਲਤ ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਦੇ ਕਹਿਰ ਨੂੰ ਠੱਲ੍ਹ ਪਾਉਣ ਲਈ ਹੁਕਮ ਵੀ ਜਾਰੀ ਕਰਨਾ ਪਿਆ । ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਹਰ ਮੋੜ ਤੇ ਕੁੱਤਿਆਂ ਦੀ ਟੋਲੀ ਤੁਹਾਨੂੰ ਵੇਖਣ ਨੂੰ ਮਿਲੇਗੀ। ਇਹ ਕੁੱਤੇ ਕਿਸੇ ਵੀ ਇਕੱਲੇ ਵਿਅਕਤੀ ਜਾਂ ਫਿਰ ਬੱਚਿਆਂ ਨੂੰ ਵੇਖ ਕੇ ਵੱਡਣ ਪੈ ਜਾਂਦੇ ਹਨ। ਇਹ ਵਿਚਾਰ "ਸੱਭਿਆਚਾਰ ਸੰਭਾਲ ਸੁਸਾਇਟੀ" ਦੇ ਪ੍ਰਧਾਨ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਸਾਡੇ ਪੱਤਰਕਾਰ ਨਾਲ ਇਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ ! ਉਹਨਾਂ ਕਿਹਾ ਕਿ ਰੋਜ਼ਾਨਾ ਹੀ ਸਰਕਾਰੀ ਹਸਪਤਾਲ ਸਮੇਤ ਨਿੱਜੀ ਹਸਪਤਾਲਾਂ ਵਿੱਚ ਕੁੱਤਿਆਂ ਦੇ ਕੱਟੇ ਹੋਣ ਦੇ ਕੇਸ ਆ ਰਹੇ ਹਨ। ਕਈ ਕੁੱਤੇ ਕਈ ਵਾਰ ਕੋਈ ਜਹਿਰੀਲੀ ਚੀਜ਼ ਖਾਣ ਕਾਰਨ ਪਾਗ਼ਲ ਹੋ ਜਾਂਦੇਂ ਹਨ ਅਤੇ ਉਹ ਪਾਗ਼ਲ ਕੁੱਤੇ ਅੱਗੇ ਜਿਹੜਾ ਵਿਅਕਤੀ, ਡੰਗਰ,ਪਸ਼ੂ ਜਾਂ ਫਿਰ ਕੋਈ ਹੋਰ ਕੁੱਤਾ ਵੀ ਆ ਜਾਵੇ ਤੇ ਉਹ ਉਸਨੂੰ ਵੀ ਕੱਟ ਲੈਂਦੇ ਹਨ । ਉਹਨਾਂ ਕਿਹਾ ਕਿ ਇਸ ਕਾਰਨ ਪਾਗ਼ਲ ਕੁੱਤੇ ਦੇ ਕੱਟੇ ਹੋਇਆਂ, ਨੂੰ ਪਾਗ਼ਲ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ । ਜੇ ਕਰ ਕੋਈ ਕੁੱਤੇ ਦੇ ਕੱਟੇ ਦਾ ਇਲਾਜ ਨਹੀਂ ਕਰਵਾਉਂਦਾ ਤਾ ਉਸਨੂੰ ਖ਼ੁਦ ਹਲਕਣ ਦਾ ਖ਼ਤਰਾ ਜ਼ਿੰਦਗੀ ਭਰ ਬਣਿਆ ਰਹਿੰਦਾ ਹੈ।ਉਹਨਾਂ ਕਿਹਾ ਕਿ ਅਵਾਰਾ ਕੁੱਤਿਆਂ ਦੀ ਵੱਧ ਰਹੀ ਤਦਾਦ ਅਤੇ ਇਹਨਾਂ ਦੇ ਕਹਿਰ ਕਾਰਨ ਹਰ ਵਿਅਕਤੀ ਆਪਣੇ ਬੱਚਿਆਂ ਨੂੰ ਇਕੱਲੇ ਸਕੂਲ ਭੇਜਣ ਤੋਂ ਵੀ ਕਤਰਾਉਂਦੇ ਹਨ। ਜਦੋਂ ਤੱਕ ਬੱਚੇ ਸਕੂਲ ਤੋਂ ਘਰ ਵਾਪਸ ਨਹੀਂ ਆਉਂਦੇ ਤਾ ਔਨਾ ਚਿਰ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ।ਉਹਨਾਂ ਆਖਿਆ ਕਿ ਇਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣਿਆ ਹੋਇਆ ਹੈ। ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਹਨਾਂ ਅਵਾਰਾ ਕੁੱਤਿਆਂ ਪ੍ਰਤੀ ਸੁਚੇਤ ਵੀ ਕੀਤਾ ਗਿਆ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।