ਮਾਜਰੀ : ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਇੱਥੋਂ ਨੇੜਲੇ ਪਿੰਡ ਮਹਿਰੌਲੀ ਵਿਖੇ ਪਿੰਡ ਵਾਸੀਆਂ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਛਿੰਝ ਕੁਸ਼ਤੀ ਦੰਗਲ ਕਰਵਾਇਆ ਗਿਆ। ਪਿੰਡ ਦੇ ਸਰਪੰਚ ਪਰਮਜੀਤ ਸਿੰਘ ਫੌਜੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਖੇਡ ਮੇਲੇ ਦੌਰਾਨ ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਰਣਜੀਤ ਸਿੰਘ ਜੀਤੀ ਪਡਿਆਲਾ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਸੀਨੀਅਰ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ, ਸ਼ਿਆਮ ਲਾਲ ਗੂੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਰਵਿੰਦਰ ਸਿੰਘ ਖੇੜਾ, ਰਣਜੀਤ ਸਿੰਘ ਪਡਿਆਲਾ ਅਤੇ ਸਾਹਿਲ ਕੁਮਾਰ ਵੱਲੋਂ ਸਾਂਝੇ ਤੌਰ 'ਤੇ ਮੁੱਖ ਝੰਡੀ ਦੀ ਕੁਸ਼ਤੀ ਵਾਲੇ ਪਹਿਲਵਾਨਾਂ ਦੀ ਹੱਥ ਜੋੜੀ ਕਰਵਾਈ ਗਈ। ਇਸ ਕੁਸ਼ਤੀ ਦੰਗਲ ਪਹਿਲਵਾਨ ਰਿਤਿਕ ਮੁੱਲਾਂਪੁਰ ਅਤੇ ਪਹਿਲਵਾਨ ਗੁਰਜੀਤ ਮਗਰੋੜ ਵਿਚਕਾਰ ਹੋਈ ਕੁਸ਼ਤੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੀ। ਇਹਨਾਂ ਦੋਹਾਂ ਪਹਿਲਵਾਨਾਂ ਨੇ ਦਰਸ਼ਕਾਂ ਨੂੰ ਆਪਣੀ ਸ਼ਾਨਦਾਰ ਖੇਡ ਨਾਲ ਖੂਬ ਪ੍ਰਭਾਵਿਤ ਕੀਤਾ। ਆਖ਼ਿਰਕਾਰ ਪਹਿਲਵਾਨ ਗੁਰਜੀਤ ਮਗਰੋੜ ਨੇ ਰਿਤਿਕ ਮੁੱਲਾਂਪੁਰ ਨੂੰ ਚਿੱਤ ਕਰਕੇ ਝੰਡੀ 'ਤੇ ਕਬਜ਼ਾ ਕੀਤਾ ਅਤੇ 71,000 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ। ਦੂਜੀ ਕੁਸ਼ਤੀ ਦੌਰਾਨ ਪਹਿਲਵਾਨ ਜਸ ਮਾਮੂਪੁਰ ਅਤੇ ਪਹਿਲਵਾਨ ਸਾਹਿਲ ਮੁੱਲਾਂਪੁਰ ਵਿਚਾਲੇ ਹੋਈ। ਇਸ ਕੁਸ਼ਤੀ ਵਿੱਚ ਪਹਿਲਵਾਨ ਜਸ ਮਾਮੂਪੁਰ ਨੇ ਜਿੱਤ ਪ੍ਰਾਪਤ ਕਰਦੇ ਹੋਏ 41,000 ਰੁਪਏ ਵਾਲੀ ਝੰਡੀ ਆਪਣੇ ਨਾਂ ਕੀਤੀ। ਇਸ ਛਿੰਝ ਕੁਸ਼ਤੀ ਦੰਗਲ ਵਿੱਚ ਇਲਾਕੇ ਦੇ ਵੱਖ-ਵੱਖ ਭਾਰ ਵਰਗਾਂ ਦੇ ਲਗਭਗ 80 ਤੋਂ 90 ਪਹਿਲਵਾਨਾਂ ਨੇ ਹਿੱਸਾ ਲਿਆ।ਇਸ ਪ੍ਰੋਗਰਾਮ ਦੇ ਅੰਤ ਵਿੱਚ ਪ੍ਰਬੰਧਕਾਂ ਨੇ ਸਾਰੇ ਮਹਿਮਾਨਾਂ, ਪਹਿਲਵਾਨਾਂ ਅਤੇ ਪਿੰਡ ਵਾਸੀਆਂ ਦਾ ਪਹਿਲੇ ਵਿਸ਼ਾਲ ਛਿੰਝ ਕੁਸ਼ਤੀ ਦੰਗਲ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ 'ਤੇ ਅਕਾਲੀ ਆਗੂ ਛਿੰਦੀ ਬੱਲੋਮਾਜਰਾ, ਆਪ ਆਗੂ ਜਗਜੀਤ ਸਿੰਘ ਜੱਗੀ ਕਾਦੀਮਾਜਰਾ, ਕਿਸਾਨ ਆਗੂ ਰਵਿੰਦਰ ਸਿੰਘ ਬਜੀਦਪੁਰ, ਆਪ ਆਗੂ ਸਾਹਿਲ ਕੁਮਾਰ, ਬੇਅੰਤ ਸਿੰਘ ਇਟਲੀ, ਗੁਰਪ੍ਰੀਤ ਸਿੰਘ, ਗਗਨਪ੍ਰੀਤ ਸਿੰਘ, ਲਖਵਿੰਦਰ ਸਿੰਘ ਲੱਖਾ, ਅਮਰੀਕ ਸਿੰਘ, ਬਲਬੀਰ ਸਿੰਘ ਨੰਬਰਦਾਰ, ਜਸਬੀਰ ਸਿੰਘ ਨੰਬਰਦਾਰ ਅਤੇ ਗੁਰਦੀਪ ਸਿੰਘ ਭੂਰਾ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਅਤੇ ਖੇਡ ਪ੍ਰੇਮੀ ਹਾਜ਼ਰ ਸਨ।