ਕੁਰਾਲੀ : ਅੱਜ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਸੁਹਾਲੀ ਵਿਖੇ ਕਾਂਗਰਸੀ ਵਰਕਰਾਂ ਦੀ ਇੱਕ ਵੱਡੀ ਤੇ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਅਤੇ ਪਿੰਡ ਵਾਸੀਆਂ ਨੇ ਹਿੱਸਾ ਲਿਆ । ਮੀਟਿੰਗ ਦੌਰਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦਿੱਲੀ ਦੇ ਲੋਕਾਂ ਵੱਲੋਂ ਨਕਾਰੇ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਵਿੱਚ ਭਾਈਚਾਰੇ ਨੂੰ ਤੋੜਨ ਤੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਘਿਨੌਣੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਵੱਲੋਂ ਸੋਸ਼ਲ ਮੀਡੀਆ ’ਤੇ ਦਿੱਤਾ ਬਿਆਨ ਇਸ ਗੱਲ ਦਾ ਸਪਸ਼ਟ ਸਬੂਤ ਹੈ । ਜੀਤੀ ਪਡਿਆਲਾ ਨੇ ਸਪਸ਼ਟ ਕਿਹਾ ਕਿ ਪੰਜਾਬੀ ਕੌਮ ਨੇ ਹਮੇਸ਼ਾਂ ਏਕਤਾ ਅਤੇ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ ਹੈ, ਜਿਸਨੂੰ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਬਾਹਰਲੀ ਤਾਕਤ ਹਿਲਾ ਨਹੀਂ ਸਕਦੀ। ਉਹਨਾਂ ਕਿਹਾ ਕਿ ਕਾਂਗਰਸੀ ਵਰਕਰ ਹਰ ਪਿੰਡ ਅਤੇ ਹਰ ਵਾਰਡ ਵਿੱਚ ਜਾ ਕੇ ਲੋਕਾਂ ਨੂੰ ਸਚਾਈ ਨਾਲ ਜਾਣੂੰ ਕਰਵਾਉਣਗੇ, ਤਾਂ ਜੋ ਆਮ ਆਦਮੀ ਪਾਰਟੀ ਦੇ ਝੂਠੇ ਪ੍ਰਚਾਰ ਤੇ ਨਫਰਤ ਵਾਲੀਆਂ ਚਾਲਾਂ ਨਾਕਾਮ ਹੋ ਸਕਣ। ਪ੍ਰਧਾਨ ਜੀਤੀ ਪਡਿਆਲਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਚੁੱਕਾ ਹੈ। ਦਿੱਲੀ ਦੇ ਨੇਤਾ ਪੰਜਾਬ ਵਿੱਚ ਆ ਕੇ ਭਾਈਚਾਰਕ ਸਾਂਝ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪੰਜਾਬੀ ਇਕੱਠੇ ਹਨ ਅਤੇ ਇਹਨਾਂ ਸਾਜ਼ਿਸ਼ਾਂ ਦਾ ਡਟ ਕੇ ਮੁਕਾਬਲਾ ਕਰਨਗੇ। ਇਸ ਮੌਕੇ ਕਾਂਗਰਸੀ ਆਗੂ ਸਾਬਕਾ ਸਰਪੰਚ ਬਲਬੀਰ ਸਿੰਘ ਬਿੱਟੂ, ਬਲਵੀਰ ਸਿੰਘ ਪਿੰਕਾ, ਪੰਡਤ ਰਵੀਨੰਦਨ, ਸਾਬਕਾ ਪੰਚ ਅਜਮੇਰ ਸਿੰਘ, ਸਾਬਕਾ ਪੰਚ ਜਸਵਿੰਦਰ ਸਿੰਘ, ਤਰਲੋਚਨ ਸਿੰਘ ਨੱਗਲ ਸਿੰਘਾ, ਅਜੀਤ ਸਿੰਘ ਧਾਲੀਵਾਲ, ਗੁਰਜਿੰਦਰ ਸਿੰਘ ਬੰਗੜ ਅਤੇ ਜਸਵੀਰ ਸਿੰਘ ਜਗੀਰਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।