ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਮੰਡਲ ਮੈਜਿਸਟ੍ਰੇਟਾਂ ਅਤੇ ਮਾਲ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਤਾਂ ਜੋ ਮਾਲ ਵਿਭਾਗ ਨਾਲ ਸਬੰਧਤ ਸੇਵਾਵਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਜਾ ਸਕੇ, ਜਿਸ ਵਿੱਚ ਲੰਬਿਤ ਇੰਤਕਾਲਾਂ ਦਾ ਨਿਪਟਾਰਾ, ਈਜ਼ੀ ਜਮ੍ਹਾਂਬੰਦੀ ਦੀ ਸੁਚਾਰੂ ਸਹੂਲਤ ਅਤੇ ਜ਼ਿਲ੍ਹੇ ਵਿੱਚ ਸਵਾਮਿਤਵਾ ਸਕੀਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਸ਼ਾਮਲ ਹੈ।
ਮੀਟਿੰਗ ਦੌਰਾਨ, ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੇ ਲੰਬਿਤ ਇੰਤਕਾਲ ਮਾਮਲਿਆਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕਰਨ ਵਿੱਚ ਤੇਜ਼ੀ ਲਿਆਉਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਜ਼ਮੀਨੀ ਰਿਕਾਰਡ ਦੇ ਅੱਪਡੇਟ ਵਿੱਚ ਬੇਲੋੜੀ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਮਾਲ ਦਫ਼ਤਰਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਈਜ਼ੀ ਜਮ੍ਹਾਂਬੰਦੀ ਪਹਿਲਕਦਮੀ ਦੀ ਸਮੀਖਿਆ ਕਰਦੇ ਹੋਏ, ਉਨ੍ਹਾਂ ਅਧਿਕਾਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਲੰਬਿਤ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਕਿਹਾ ਤਾਂ ਜੋ ਜ਼ਮੀਨ ਮਾਲਕ ਬਿਨਾਂ ਕਿਸੇ ਮੁਸ਼ਕਲ ਦੇ ਅੱਪਡੇਟ ਕੀਤੇ ਜ਼ਮੀਨੀ ਰਿਕਾਰਡ ਤੱਕ ਆਸਾਨੀ ਨਾਲ ਪਹੁੰਚ ਕਰ ਸਕਣ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜ਼ਮੀਨੀ ਰਿਕਾਰਡ ਦੇ ਡਿਜੀਟਾਈਜ਼ੇਸ਼ਨ ਨੇ ਸੁਵਿਧਾ ਲਿਆਂਦੀ ਹੈ, ਪਰ ਸਮੇਂ ਸਿਰ ਜ਼ਮੀਨੀ ਰਿਕਾਰਡ ਦੇ ਅੱਪਡੇਟ ਮਹੱਤਵਪੂਰਨ ਹਨ।
ਸਵਾਮਿਤਵਾ ਸਕੀਮ ਬਾਰੇ ਚਰਚਾ ਕਰਦਿਆਂ, ਡਿਪਟੀ ਕਮਿਸ਼ਨਰ ਨੇ ਡਰੋਨ-ਅਧਾਰਤ ਸਰਵੇਖਣਾਂ ਰਾਹੀਂ ਪੇਂਡੂ ਖੇਤਰਾਂ ਵਿੱਚ ਲਾਲ ਡੋਰੇ ਅੰਦਰ ਸਹੀ ਜਾਇਦਾਦ ਮਾਲਕੀ ਰਿਕਾਰਡ ਪ੍ਰਦਾਨ ਕਰਨ ਵਿੱਚ ਇਸਦੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਨਕਸ਼ਿਆਂ ਦੀ ਤਸਦੀਕ ਸਮੇਂ ਸਿਰ ਯਕੀਨੀ ਬਣਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਪਰਿਵਾਰ ਪ੍ਰਾਪਰਟੀ ਕਾਰਡਾਂ ਦਾ ਲਾਭ ਲੈ ਸਕਣ।
ਉਨ੍ਹਾਂ ਨੇ ਸਾਰੇ ਮਾਲ ਅਧਿਕਾਰੀਆਂ ਅਤੇ ਸਬੰਧਤ ਸਟਾਫ ਨੂੰ ਨਿਯਮਤ ਪ੍ਰਗਤੀ ਰਿਪੋਰਟਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਅਤੇ ਚਿਤਾਵਨੀ ਦਿੱਤੀ ਕਿ ਸੇਵਾ ਪ੍ਰਦਾਨ ਕਰਨ ਵਿੱਚ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਕੁਸ਼ਲ ਅਤੇ ਪਾਰਦਰਸ਼ੀ ਭੌਂ (ਜ਼ਮੀਨੀ) ਰਿਕਾਰਡ ਪ੍ਰਬੰਧਨ ਪ੍ਰਸ਼ਾਸਨ ਦੀ ਤਰਜੀਹ ਹੈ, ਕਿਉਂਕਿ ਇਹ ਸਿੱਧੇ ਤੌਰ 'ਤੇ ਨਾਗਰਿਕਾਂ ਦੇ ਅਧਿਕਾਰਾਂ ਅਤੇ ਸਰਕਾਰੀ ਸੇਵਾਵਾਂ ਤੱਕ ਪਹੁੰਚ ਦੀ ਸੌਖ ਨੂੰ ਪ੍ਰਭਾਵਤ ਕਰਦਾ ਹੈ।
ਮੀਟਿੰਗ ਵਿੱਚ ਐਸ ਡੀ ਐਮ ਖਰੜ ਸ਼੍ਰੀਮਤੀ ਦਿਵਿਆ ਪੀ, ਐਸ ਡੀ ਐਮ ਮੋਹਾਲੀ ਦਮਨਦੀਪ ਕੌਰ, ਜ਼ਿਲ੍ਹਾ ਮਾਲ ਅਧਿਕਾਰੀ ਹਰਮਿੰਦਰ ਸਿੰਘ ਹੁੰਦਲ, ਤਹਿਸੀਲਦਾਰ ਗੁਰਵਿੰਦਰ ਕੌਰ ਖਰੜ, ਨਾਇਬ ਤਹਿਸੀਲਦਾਰ ਹਰਜੋਤ ਸਿੰਘ ਅਤੇ ਰਾਜਵੀਰ ਸਿੰਘ ਮਰਵਾਹ ਅਤੇ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਦੇ ਹੋਰ ਫੀਲਡ ਸਟਾਫ ਨੇ ਸ਼ਿਰਕਤ ਕੀਤੀ।