ਹੁਸ਼ਿਆਰਪੁਰ : ਸ਼ੇਅਰ ਬਜਾਰ ਵਿੱਚ ਲੰਬੀ ਮਿਆਦ ਦੇ ਨਿਵੇਸ਼ ਅਤੇ ਅਨੁਸ਼ਾਸ਼ਨ ਨਾਲ ਪੈਸਾ ਕਮਾਇਆ ਜਾ ਸਕਦਾ ਹੈ, ਇਹ ਪ੍ਰਗਟਾਵਾ ਸੱਚਦੇਵਾ ਸਟਾਕਸ ਦੇ ਐੱਮ.ਡੀ.ਪਰਮਜੀਤ ਸਿੰਘ ਸੱਚਦੇਵਾ ਵੱਲੋਂ ਲਵਲੀ ਪ੍ਰੋਫੈਸ਼ਨਲ ਯੁਨੀਵਰਸਿਟੀ ਫਗਵਾੜਾ ਵਿੱਚ ਦਿੱਤੇ ਗਏ ਇੱਕ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕੀਤਾ ਗਿਆ, ਉਨ੍ਹਾਂ ਅੱਗੇ ਕਿਹਾ ਕਿ ਸ਼ੇਅਰ ਬਜਾਰ ਵਿੱਚੋ ਹਰ ਵਿਅਕਤੀ ਪੈਸਾ ਕਮਾ ਸਕਦਾ ਹੈ ਲੇਕਿਨ ਇਸ ਲਈ ਜਿੱਥੇ ਤਹਾਨੂੰ ਸਹਿਜਤਾ ਦਿਖਾਉਣੀ ਪਵੇਗੀ ਉੱਥੇ ਹੀ ਸਹੀ ਤਰੀਕਾ ਅਤੇ ਮਾਰਗ ਦਰਸ਼ਕ ਦੀ ਚੋਣ ਵੀ ਕਰਨੀ ਪਵੇਗੀ ਜੋ ਕਿ ਤਹਾਨੂੰ ਉਸ ਮੰਜ਼ਿਲ ਤੱਕ ਪਹੁੰਚਾ ਸਕੇ ਜਿੱਥੇ ਤੁਸੀਂ ਜ਼ਿੰਦਗੀ ਦੌਰਾਨ ਪਹੁੰਚਣਾ ਚਾਹੁੰਦੇ ਹੋ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਜਦੋਂ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਕੇ ਨੌਕਰੀ ਕਰਨੀ ਸ਼ੁਰੂ ਕਰਦੇ ਹੋ ਤਦ ਤੋਂ ਹੀ ਥੋੜ-ਥੋੜਾ ਨਿਵੇਸ਼ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ ਤੇ ਫਿਰ ਜਿਵੇਂ -ਜਿਵੇਂ ਸਮਾਂ ਅੱਗੇ ਵੱਧਦਾ ਹੈ ਇਸ ਨਿਵੇਸ਼ ਵਿੱਚ ਵਾਧਾ ਕਰਨਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੇਲੋੜੇ ਖਰਚਿਆਂ ਦੀ ਪਹਿਚਾਣ ਕਰਕੇ ਉਨ੍ਹਾਂ ’ਤੇ ਵੀ ਰੋਕ ਲਗਾਉਣੀ ਚਾਹੀਦੀ ਹੈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਤਹਾਨੂੰ ਸਭ ਨੂੰ ਆਪਣੇ ਸ਼ੌਂਕ ਪੂਰੇ ਕਰਨੇ ਚਾਹੀਦੇ ਹਨ ਲੇਕਿਨ ਇਹ ਸ਼ੌਂਕ ਸ਼ੇਅਰ ਬਜਾਰ ਤੋਂ ਆਉਣ ਵਾਲੀ ਆਮਦਨ ਨਾਲ ਪੂਰੇ ਹੋਣੇ ਚਾਹੀਦੇ ਹਨ ਨਾ ਕਿ ਜਿਹੜੀ ਤੁਸੀਂ ਤਨਖਾਹ ਲੈਂਦੇ ਹੋ ਉਸ ਵਿੱਚੋ ਵੱਡਾ ਹਿੱਸਾ ਸ਼ੌਂਕ ਪੂਰੇ ਕਰਨ ’ਤੇ ਖਰਚ ਕਰੋ। ਉਨ੍ਹਾਂ ਕਿਹਾ ਕਿ ਸ਼ੇਅਰ ਬਜਾਰ ਸੰਭਾਵਨਾਵਾਂ ਨਾਲ ਭਰਿਆ ਪਿਆ ਹੈ ਲੇਕਿਨ ਇੱਥੋ ਪੈਸਾ ਅਨੁਸ਼ਾਸ਼ਨ ਅਤੇ ਲੰਬੇ ਨਿਵੇਸ਼ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਇਸ ਮੌਕੇ ਰਿਲੇਸ਼ਨਸ਼ਿਪ ਮੈਨੇਜਰ ਸੱਚਦੇਵਾ ਸਟਾਕਸ ਅਮਨਦੀਪ ਕੌਰ ਵੀ ਮੌਜੂਦ ਰਹੇ।