ਜਨ ਸੁਵਿਧਾ ਕੈਂਪਾਂ ਨੇ ਲੋਕਾਂ ਦਾ ਸਮਾਂ ਦੇ ਪੈਸਾ ਬਚਾਇਆ : ਲਾਭਪਾਤਰੀ
ਪਿੰਡ ਆਕੜ ਵਿਖੇ ਲੱਗੇ ਜਨ ਸੁਵਿਧਾ ਕੈਂਪ ਦਾ ਛੇ ਪਿੰਡਾਂ ਦੇ ਵੱਡੀ ਗਿਣਤੀ ਲੋਕਾਂ ਉਠਾਇਆ ਲਾਭ
ਘਨੌਰ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਉਪਲਬੱਧ ਕਰਵਾਉਣ ਲਈ ਲਗਾਏ ਜਾਂਦੇ ਜਨ ਸੁਵਿਧਾ ਕੈਂਪਾਂ ਦਾ ਲੋਕ ਵੱਡੀ ਗਿਣਤੀ ਵਿੱਚ ਫ਼ਾਇਦਾ ਉਠਾ ਕੇ ਆਪਣੇ ਸਮੇਂ ਅਤੇ ਪੈਸੇ ਦੀ ਬੱਚਤ ਕਰ ਰਹੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਿੰਡ ਆਕੜ ਵਿਖੇ ਲੱਗੇ ਜਨ ਸੁਵਿਧਾ ਕੈਂਪ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਨ ਸੁਵਿਧਾ ਕੈਂਪ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਮੁਸ਼ਕਲਾਂ ਸਮਝਣ ਤੇ ਉਨ੍ਹਾਂ ਦਾ ਹੱਲ ਕਰਨ ਵਿੱਚ ਸਹਾਈ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਸੇਵਾਵਾਂ ਵਾਲੇ ਵਿਭਾਗ ਇੱਕੋ ਛੱਤ ਥੱਲੇ ਇਕੱਠੇ ਹੁੰਦੇ ਹਨ ਤੇ ਲੋਕਾਂ ਨੂੰ ਉਨ੍ਹਾਂ ਦੇ ਪਿੰਡ ਵਿੱਚ ਹੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਜਨ ਸੁਵਿਧਾ ਕੈਂਪ ਦੌਰਾਨ ਪਿੰਡ ਪਬਰੀ, ਆਕੜੀ, ਆਕੜ, ਸੇਹਰੀ, ਪਬਰਾ ਤੇ ਗੋਪਾਲਪੁਰ ਪਿੰਡਾਂ ਦੇ ਲੋਕਾਂ ਨਾਲ ਡਿਪਟੀ ਕਮਿਸ਼ਨਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਨ ਸੁਵਿਧਾ ਕੈਂਪਾਂ ਨੇ ਲੋਕਾਂ ਦੀ ਜ਼ਿੰਦਗੀ 'ਚ ਵੱਡੀ ਤਬਦੀਲੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਛੋਟੇ-ਛੋਟੇ ਪ੍ਰਸ਼ਾਸਨਿਕ ਕੰਮਾਂ ਲਈ ਦਫ਼ਤਰ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਸਗੋਂ ਇਹ ਸਾਰੀਆਂ ਸੇਵਾਵਾਂ ਹੁਣ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਨੂੰ ਪਿੰਡਾਂ ਵਿੱਚ ਆਸਾਨੀ ਨਾਲ ਮਿਲਣ ਲੱਗੀਆਂ ਹਨ। ਇਸ ਮੌਕੇ ਲੋਕਾਂ ਨੇ ਕਿਹਾ ਕਿ ਜਨ ਸੁਵਿਧਾ ਕੈਂਪਾਂ ਸਦਕਾ ਜਿਥੇ ਸਮੇਂ ਦੀ ਬੱਚਤ ਹੋਈ ਹੈ, ਉਥੇ ਹੀ ਦਫ਼ਤਰਾਂ 'ਚ ਜਾ ਕੇ ਕੰਮ ਕਰਵਾਉਣ ਨਾਲ ਪੂਰੀ ਦਿਹਾੜੀ ਖਰਾਬ ਹੁੰਦੀ ਸੀ, ਜਿਸ ਨਾਲ ਆਰਥਿਕ ਨੁਕਸਾਨ ਹੁੰਦਾ ਸੀ, ਹੁਣ ਉਹ ਵੀ ਬਚਣ ਲੱਗਾ ਹੈ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਵੀਰਵਾਰ ਵੱਖ ਵੱਖ ਸਬ ਡਵੀਜ਼ਨਾਂ ਅੰਦਰ ਇਹ ਜਨ ਸੁਵਿਧਾ ਕੈਂਪ ਲਗਾਏ ਜਾਂਦੇ ਹਨ, ਤਾਂ ਕਿ ਲੋਕ ਇਨ੍ਹਾਂ ਕੈਂਪ ਰਾਹੀਂ ਆਪਣੀਆਂ ਮੁਸ਼ਕਲਾਂ ਦਾ ਹੱਲ ਆਸਾਨੀ ਨਾਲ ਕਰ ਸਕਣ। ਇਸ ਜਨ ਸੁਵਿਧਾ ਕੈਂਪ ਦੌਰਾਨ ਆਧਾਰ ਕਾਰਡ ਵਿੱਚ ਆਪਣੇ ਨਾਮ ਠੀਕ ਕਰਵਾਉਣ ਤੋਂ ਇਲਾਵਾ ਸਮਾਜਿਕ ਸੁਰੱਖਿਆ ਪੈਨਸ਼ਨਾਂ, ਵੱਖ-ਵੱਖ ਮੁਸ਼ਕਿਲਾਂ ਦੇ ਨਿਪਟਾਰੇ ਲਈ ਦਰਖਾਸਤਾਂ, ਸਿਹਤ ਵਿਭਾਗ ਵੱਲੋਂ ਮਰੀਜਾਂ ਦਾ ਚੈਕਅਪ ਤੇ ਮੁਫ਼ਤ ਦਵਾਈਆਂ, ਕਿਰਤ ਵਿਭਾਗ ਦੀ ਲਾਲ ਕਾਪੀ, ਖੇਤੀਬਾੜੀ, ਦਿਹਾਤੀ ਵਿਕਾਸ, ਮਾਲ ਵਿਭਾਗ ਦੇ ਜਮੀਨੀ ਰਿਕਾਰਡ ਨਾਲ ਸਬੰਧਤ ਕੰਮ, ਜਾਤੀ ਤੇ ਰਿਹਾਇਸ਼ੀ ਸਰਟੀਫਿਕੇਟ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਵਾ ਕੇ ਪੈਨਸ਼ਨ ਲਗਵਾਉਣ ਸਬੰਧੀ ਤੇ ਡਾਕ ਵਿਭਾਗ ਨਾਲ ਸਬੰਧਤ ਲੋਕਾਂ ਨੇ ਅਧਿਕਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਤੇ ਆਪਣੇ ਕੰਮ ਕਰਵਾਏ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਧਰਤੀ ਪਿੰਡ ਆਕੜ ਵਿਖੇ ਗੁਰਦੁਆਰਾ ਨੀਮ ਸਾਹਿਬ ਵਿਖੇ ਨਤਮਸਤਕ ਹੋਏ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹਾਦਤ ਦਿਵਸ ਨੂੰ ਸਮਰਪਿਤ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਹਨ ਤੇ ਪਿੰਡ ਆਕੜ ਵਿਖੇ ਵੀ ਸਮਾਗਮ ਕਰਵਾਏ ਜਾਣਗੇ ਤੇ ਪਿੰਡ ਦੇ ਵਿਕਾਸ ਲਈ ਵਿਸ਼ੇਸ਼ ਗਰਾਂਟ ਜਾਰੀ ਕੀਤੀ ਜਾਵੇਗੀ।
ਇਸ ਮੌਕੇ ਏ.ਡੀ.ਸੀ. (ਪੇਂਡੂ ਵਿਕਾਸ) ਅਮਰਿੰਦਰ ਸਿੰਘ ਟਿਵਾਣਾ, ਬੀ.ਡੀ.ਪੀ.ਓ. ਜਤਿੰਦਰ ਸਿੰਘ ਢਿਲੋਂ, ਪੰਚਾਇਤ ਅਫ਼ਸਰ ਜੋਗਿੰਦਰ ਸਿੰਘ, ਇਕਬਾਲ ਸਿੰਘ, ਰਣਜੀਤ ਸਿੰਘ, ਸਰਪੰਚ ਪਬਰੀ ਮਹਿੰਦਰ ਸਿੰਘ, ਸਰਪੰਚ ਆਕੜ ਸੁਖਦੀਪ ਕੌਰ, ਸਰਪੰਚ ਆਕੜੀ ਜਸਵਿੰਦਰ ਸਿੰਘ, ਸਰਪੰਚ ਸੇਹਰੀ ਸੁਰੇਸ਼ ਕੌਰ, ਸਰਪੰਚ ਪਬਰਾ ਸੁਮਨ ਲਤਾ, ਸਰਪੰਚ ਗੋਪਾਲਪੁਰ ਖੁਸ਼ਪ੍ਰੀਤ ਸਿੰਘ ਤੇ ਸਤਵਿੰਦਰ ਸਿੰਘ ਵੀ ਮੌਜੂਦ ਸਨ।