ਸੁਨਾਮ : ਝੋਨੇ ਦੀ ਫ਼ਸਲ ਤੇ ਸਪਰੇਅ ਕਰਨ ਸਮੇਂ ਪਿੰਡ ਘਾਸੀਵਾਲਾ ਦੇ ਇਕ ਕਿਸਾਨ ਦੀ ਸਪਰੇਅ ਚੜ੍ਹਨ ਕਾਰਨ ਮੌਤ ਹੋ ਗਈ ਹੈ। ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਵਿਖੇ ਪੋਸਟ ਮਾਰਟਮ ਕਰਾਉਣ ਆਏ ਥਾਣਾ ਚੀਮਾ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਨੇਕ ਸਿੰਘ ਨੇ ਦੱਸਿਆ ਕਿ ਰਾਮ ਸਿੰਘ (47) ਵਾਸੀ ਪਿੰਡ ਘਾਸੀਵਾਲਾ ਝੋਨੇ ਦੀ ਫ਼ਸਲ ਤੇ ਸਪਰੇਅ ਕਰ ਰਿਹਾ ਸੀ, ਇਸੇ ਦੌਰਾਨ ਉਸ ਨੂੰ ਸਪਰੇਅ ਚੜ੍ਹ ਗਈ , ਇਲਾਜ਼ ਲਈ ਉਸ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਕਿਸਾਨ ਰਾਮ ਸਿੰਘ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਚਕੌਤੇ 'ਤੇ ਜਮੀਨ ਲੈਕੇ ਵਾਹੀ ਕਰਨ ਦੇ ਨਾਲ-ਨਾਲ,ਪ੍ਰਾਈਵੇਟ ਨੌਕਰੀ ਅਤੇ ਦੁੱਧ ਵੇਚਕੇ ਗੁਜਾਰਾ ਕਰਦਾ ਸੀ। ਸਹਾਇਕ ਥਾਣੇਦਾਰ ਨੇਕ ਸਿੰਘ ਨੇ ਕਿਹਾ ਪੁਲਿਸ ਵਲੋਂ ਮ੍ਰਿਤਕ ਕਿਸਾਨ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ 'ਤੇ ਬੀ ਐਨ ਐਸ ਐਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।