ਕਿਹਾ –ਇੰਸਪੈਕਟਰ ਅਤੇ ਮਾਰਕੀਟ ਕਮੇਟੀ ਯਕੀਨੀ ਬਣਾਉਣ ਕਿ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਪੁੱਜੇ
ਐਸ.ਏ.ਐਸ.ਨਗਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਐਸ.ਏ.ਐਸ.ਨਗਰ ਜ਼ਿਲ੍ਹੇ ਦੀਆਂ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਫ਼ਸਲ ਦੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਖਰੀਦ ਏਜੰਸੀਆਂ, ਆੜ੍ਹਤੀਆਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ, ਉਨ੍ਹਾਂ ਨੇ ਝੋਨੇ ਦੇ ਆਗਾਮੀ ਸੀਜ਼ਨ ਲਈ ਖਰੀਦ ਅਤੇ ਭੁਗਤਾਨ ਸਮੇਂ ਸਿਰ ਕਰਨ ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਸਾਰੀਆਂ ਏਜੰਸੀਆਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਖਰੀਦ ਕਾਰਜਾਂ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸੀਜ਼ਨ ਦੌਰਾਨ ਮੰਡੀਆਂ ਦੀ ਮੰਗ ਅਨੁਸਾਰ ਆਰਜ਼ੀ ਫੰਡ ਮੁਹੱਈਆ ਕਰਵਾ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਮੰਡੀ ਵਿੱਚ ਠੇਕੇਦਾਰ ਸਬੰਧਤ ਪ੍ਰਧਾਨ ਨਾਲ ਤਾਲਮੇਲ ਰੱਖੇ ਤਾਂ ਜੋ ਲਿਫਟਿੰਗ ਅਤੇ ਢੋਆ ਢੁਆਈ ਦੇ ਸਮੇਂ ਕੋਈ ਮੁਸ਼ਕਲ ਪੇਸ਼ ਨਾ ਆਵੇ। ਆੜਤੀਆਂ ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕੰਬਾਇਨਾਂ ਦਾ ਸਮਾਂ ਸਵੇਰੇ 11.00 ਵਜੇ ਤੋਂ ਸ਼ਾਮ 6.00 ਤੱਕ ਦਾ ਤੈਅ ਕੀਤਾ ਜਾਵੇ ਤਾਂ ਜੋ ਮੰਡੀਆਂ ਵਿੱਚ ਗਿੱਲਾ ਝੋਨਾ ਨਾ ਪਹੁੰਚੇ।
ਡਿਪਟੀ ਕਮਿਸ਼ਨਰ ਵੱਲੋਂ ਮੰਡੀਆਂ ਨੂੰ ਜਾਣ ਵਾਲੀਆਂ ਖਰਾਬ ਸੜਕਾਂ ਨੂੰ ਜਲਦ ਤੋਂ ਜਲਦ ਠੀਕ ਕਰਨ, ਮੰਡੀਆਂ ਵਿੱਚ ਸਾਫ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ, ਸਾਫ ਸਫਾਈ , ਲੋੜੀਂਦੀ ਰਿਪੇਅਰ ਆਦਿ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨਾਂ ਅਤੇ ਆੜਤੀਆਂ ਨੂੰ ਫਸਲ ਦੀ ਖਰੀਦ ਅਤੇ ਲਿਫਟਿੰਗ ਸਮੇਂ ਕੋਈ ਔਕੜ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਵੱਲੋਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਬਾਰਦਾਨੇ ਸਬੰਧੀ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ। ਉਨ੍ਹਾਂ ਵੱਲੋਂ ਆੜਤੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਦੀ ਹਰ ਸਮੱਸਿਆਂ ਦਾ ਹੱਲ ਕੀਤਾ ਜਾਵੇਗਾ।
ਡੀ ਐਫ ਐਸ ਸੀ ਡਾ: ਨਵਰੀਤ ਨੇ ਜ਼ਿਲ੍ਹੇ ਵਿੱਚ ਬਾਰਦਾਨੇ ਦੇ ਢੁਕਵੇਂ ਸਟਾਕ ਬਾਰੇ ਡੀ ਸੀ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਏਜੰਸੀਆਂ ਕੋਲ ਬਾਰਦਾਨੇ ਦਾ 70 ਫੀਸਦੀ ਤੋਂ ਵੱਧ ਸਟਾਕ ਮੌਜੂਦ ਹੈ।
ਡਿਪਟੀ ਕਮਿਸ਼ਨਰ ਨੇ ਮੰਡੀਆਂ ਵਿੱਚ ਥਾਂ ਦੀ ਕਮੀ ਤੋਂ ਬਚਣ ਲਈ ਮੰਡੀਆਂ ਵਿੱਚ ਸੁੱਕੀ ਅਤੇ ਪੱਕ ਚੁੱਕੀ ਫ਼ਸਲ ਦੀ ਆਮਦ ਕਰਵਾਉਣ 'ਤੇ ਹੀ ਜ਼ੋਰ ਦਿੱਤਾ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਨਿਰਵਿਘਨ ਝੋਨੇ ਦੀ ਖਰੀਦ ਦਾ ਭਰੋਸਾ ਦਿਵਾਇਆ ਅਤੇ ਉਨ੍ਹਾਂ ਤੋਂ ਵੀ ਨਿਰਵਿਘਨ ਖਰੀਦ ਲਈ ਸਹਿਯੋਗ ਦੀ ਮੰਗ ਕੀਤੀ। ਢੋਆ-ਢੁਆਈ ਦੇ ਠੇਕੇਦਾਰਾਂ ਨੂੰ ਉਨ੍ਹਾਂ ਨਾਲ ਦੀ ਨਾਲ ਖਰੀਦੇ ਜਾ ਚੁੱਕੇ ਝੋਨੇ ਨੂੰ ਚੁੱਕਣਾ ਯਕੀਨੀ ਬਣਾਉਣ ਲਈ ਕਿਹਾ।
ਇਸ ਮੌਕੇ ਡੀ ਐਫ ਐਸ ਸੀ ਡਾ: ਨਵਰੀਤ, ਨਵਿਤਾ ਬਗਲਾ, ਰਘਬੀਰ ਸਿੰਘ, ਅਮਿਤ ਪੰਤ, ਰਾਜੀਵ ਸੋਨੀ, ਦੀਪਕ ਸਿਨਹਾ, ਪੁਨੀਤ ਕੇ ਜੈਨ, ਸ਼ਿਵ ਸ਼ੰਕਰ, ਮਨਪ੍ਰੀਤ ਸਿੰਘ, ਗੁਰਸ਼ਰਨ ਸਿੰਘ, ਵਰਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਆੜਤੀ ਐਸੋਸ਼ੀਏਸ਼ਨ ਦੇ ਮੈਂਬਰ, ਖਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਹਾਜ਼ਰ ਸਨ।