ਮਾਜਰੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਯੂਥ ਅਕਾਲੀ ਦਲ ਦੇ ਕੌਮੀ ਜਰਨਲ ਸਕੱਤਰ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਇਲਾਕੇ ਦੇ ਪਿੰਡਾਂ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਨੇ ਹਲਕਾ ਖਰੜ ਵਿਚ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਲੰਬੇ ਸਮੇਂ ਤੋਂ ਬਣੀ ਖਸਤਾ ਹਾਲਤ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਵਿਰੁੱਧ ਕਸਬਾ ਖਿਜ਼ਰਾਬਾਦ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਵਿੱਚ ਇਲਾਕੇ ਦੇ ਸਰਪੰਚਾਂ, ਮੁਹਤਬਰ ਵਿਅਕਤੀਆਂ ਅਤੇ ਅਕਾਲੀ ਦਲ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਗਿਆ। ਇਸ ਮੌਕੇ ਰਵਿੰਦਰ ਸਿੰਘ ਖੇੜਾ ਨੇ ਕਿਹਾ ਜੇਕਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਪਹਿਲਾਂ ਪਿੰਡਾ ਦੀਆਂ ਟੁੱਟੀਆਂ ਹੋਈਆਂ ਲਿੰਕ ਸੜਕਾਂ ਨਾ ਬਣਾਈਆ ਗਈਆ ਤਾਂ ਪਿੰਡਾਂ ਦੇ ਲੋਕ ਆਪ ਪਾਰਟੀ ਦੇ ਆਗੂਆਂ ਤੇ ਨੁਮਾਇੰਦਿਆਂ ਨੂੰ ਪਿੰਡਾਂ 'ਚ ਬਣਨ ਨਹੀ ਦੇਣਗੇ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ 'ਆਪ' ਸਰਕਾਰ ਅਤੇ ਵਿਧਾਇਕਾ ਅਨਮੋਲ ਗਗਨ ਮਾਨ ਨੇ ਖਰੜ ਹਲਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਖ਼ਸਤਾ ਹਾਲ ਸੜਕਾਂ ਅਤੇ ਬੁਨਿਆਦੀ ਢਾਂਚੇ ਦੀ ਸਥਿਤੀ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਅਨਮੋਲ ਗਗਨ ਮਾਨ ਤੋਂ ਹਲਕੇ ਦਾ ਬਹੁ ਪੱਖੀ ਵਿਕਾਸ ਦੀ ਆਸ ਸੀ, ਪਰ ਮੰਤਰੀ ਬਣਨ ਮਗਰੋਂ ਵੀ ਮਾਨ ਨੇ ਹਲਕੇ ਦਾ ਕੁਝ ਨਹੀਂ ਸੰਵਾਰਿਆ, ਜਿਸ ਕਾਰਨ ਆਮ ਲੋਕ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਖਰੜ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਲਈ ਤਰਲੇ ਕਰਨੇ ਪੈ ਰਹੇ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਰੋਸ ਸਿਆਸੀ ਨਹੀਂ, ਸਗੋਂ ਹਲਕੇ ਖਰੜ ਦੇ ਲੋਕਾਂ ਦੇ ਹੱਕਾਂ ਲਈ ਹੈ। ਉਨ੍ਹਾਂ ਵਲੋਂ'ਆਪ' ਸਰਕਾਰ 'ਤੇ ਖਰੜ ਹਲਕੇ ਵਿੱਚ ਭ੍ਰਿਸ਼ਟਾਚਾਰ ਨੂੰ ਕਈ ਗੁਣਾ ਵਧਾਉਣ ਦਾ ਦੋਸ਼ ਲਾਇਆ ਗਿਆ ਹੈ। ਇਸ ਮੌਕੇ ਲੋਕਾਂ ਨੇ 'ਪੰਜਾਬ ਸਰਕਾਰ ਮੁਰਦਾਬਾਦ' ਦੇ ਨਾਅਰੇ ਲਗਾਏ ਅਤੇ ਮੰਗ ਕੀਤੀ ਕਿ ਖਿਜ਼ਰਾਬਾਦ ਅਤੇ ਖਰੜ ਇਲਾਕੇ ਦੀਆਂ ਲਿੰਕ ਸੜਕਾਂ, ਬਿਜਲੀ ਅਤੇ ਸਰਕਾਰੀ ਦਫ਼ਤਰਾਂ ਵਿੱਚ ਸੁਧਾਰ ਕੀਤਾ ਜਾਵੇ।ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਸੜਕਾਂ ਦੀ ਮੁਰੰਮਤ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਨਹੀਂ ਕਰਦੀ, ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਉਹ ਮੁੱਖ ਮੰਤਰੀ ਦੇ ਘਰ ਦਾ ਵੀ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।ਖੇੜਾ ਨੇ ਦਿੱਲੀ ਦੇ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਵੇਂ ਦਿੱਲੀ ਦੇ ਲੋਕਾਂ ਨੇ 'ਆਪ' ਪਾਰਟੀ ਨੂੰ ਭਜਾਇਆ ਸੀ। ਉਸੇ ਤਰ੍ਹਾਂ ਹੁਣ ਪੰਜਾਬ ਦੇ ਲੋਕ ਵੀ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣਗੇ। ਇਸ ਮੌਕੇ ਦਿਲਬਾਗ ਸਿੰਘ ਜਿਲਾ ਪ੍ਰਧਾਨ ਐਸ ਸੀ ਵਿੰਗ, ਬਲਜਿੰਦਰ ਸਿੰਘ ਭੇਲੀ ਖਿਜਰਾਬਾਦ, ਹਰਦੀਪ ਸਿੰਘ ਖਿਜ਼ਰਾਬਾਦ, ਜਸਪਾਲ ਸਿੰਘ ਲੱਕੀ ਮਾਵੀ, ਗੁਰਵਿੰਦਰ ਸਿੰਘ ਸਰਪੰਚ ਲੁਬਾਨਗੜ੍ਹ,ਪਰਮਜੀਤ ਸਿੰਘ ਸਰਪੰਚ, ਜਸਵੀਰ ਸਿੰਘ ਸਾਬਕਾ ਸਰਪੰਚ ਟੱਪਰੀਆਂ, ਖ਼ਜ਼ਾਨ ਸਿੰਘ ਪ੍ਰਧਾਨ, ਜਗਤਾਰ ਸਿੰਘ ਸਾਬਕਾ ਸਰਪੰਚ ਫਤਿਹਪੁਰ, ਸੰਤੋਖ ਸਿੰਘ ਲੁਬਾਣਗੜ੍ਹ, ਜਸਵੀਰ ਸਿੰਘ ਲੰਬੜਦਾਰ ਸਲੇਮਪੁਰ, ਹਰਿੰਦਰ ਸਿੰਘ ਸਾਬਕਾ ਸਰਪੰਚ ਖਿਜ਼ਰਾਬਾਦ, ਸਰੂਪ ਸਿੰਘ ਝੰਡੇਮਾਜਰਾ, ਭੁਪਿੰਦਰ ਕੁਮਾਰ ਥਾਣਾ ਗੋਬਿੰਦਗੜ੍ਹ, ਗੁਰਦੀਪ ਸਿੰਘ ਮਹਿਰੌਲੀ, ਗੁਰਨਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।