ਸੁਨਾਮ ਤੋਂ ਪ੍ਰਮੇਸ਼ਵਰ ਦੁਆਰ ਤੱਕ ਲਾਈ ਰਾਈਡ
ਸੁਨਾਮ : ਸੁਨਾਮ ਸਾਈਕਲਿੰਗ ਕਲੱਬ ਨੇ ਆਜ਼ਾਦੀ ਦਿਹਾੜੇ ਦੀ 79ਵੀਂ ਵਰ੍ਹੇਗੰਢ ਮੌਕੇ ਨਿਵੇਕਲਾ ਉਪਰਾਲਾ ਕਰਦਿਆਂ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਛਾਜਲਾ ਦੀ ਅਗਵਾਈ ਹੇਠ ਸੁਨਾਮ ਤੋਂ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਪਟਿਆਲਾ ਤੱਕ ਆਉਣ ਜਾਣ ਦੀ ਰਾਈਡ ਲਾਕੇ ਵਾਤਾਵਰਨ ਬਚਾਉਣ ਦਾ ਹੋਕਾ ਦਿੱਤਾ ਹੈ। ਉਨ੍ਹਾਂ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਨੌਜਵਾਨਾਂ ਨੂੰ ਆਖਿਆ ਕਿ ਉਹ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿਕੇ ਸਾਈਕਲਿੰਗ ਸਮੇਤ ਹੋਰਨਾਂ ਖੇਡਾਂ ਵੱਲ ਧਿਆਨ ਕੇਂਦਰਿਤ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਮੁਲਕ ਦੀ ਆਜ਼ਾਦੀ ਲਈ ਜਾਨਾਂ ਨਿਛਾਵਰ ਕਰਨ ਵਾਲੇ ਮਹਾਨ ਕ੍ਰਾਂਤੀਕਾਰੀ ਯੋਧਿਆਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਛਾਜਲਾ ਨੇ ਦੱਸਿਆ ਕਿ ਨੌਜਵਾਨਾਂ ਨੂੰ ਸਾਈਕਲਿੰਗ ਵੱਲ ਉਤਸ਼ਾਹਿਤ ਕਰਨ ਲਈ ਸਮੇਂ ਸਮੇਂ ਰਾਈਡਾਂ ਕਰਵਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਹਰ ਉਮਰ ਦੇ ਵਿਅਕਤੀਆਂ ਵੱਲੋਂ ਸਾਈਕਲਿੰਗ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਛਾਜਲਾ ਤੋਂ ਇਲਾਵਾ ਡਾਕਟਰ ਪੁਸ਼ਪਿੰਦਰ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ, ਕਰਨਵੀਰ ਸਿੰਘ, ਗੁਰਜੀਤ ਸਿੰਘ, ਬੇਅੰਤ ਸਿੰਘ, ਮਨਮੋਹਨ ਸਿੰਘ ਭੋਲਾ ਤੇ ਹੋਰ ਸਾਈਕਲਿਸਟ ਸ਼ਾਮਿਲ ਸਨ।