ਪਟਿਆਲਾ : "ਸਾਡੀ ਪੀੜ੍ਹੀ ਦੇ ਲੋਕਾਂ ਨੂੰ ਅਜ਼ਾਦੀ ਵਿਰਸੇ ਵਿੱਚ ਪ੍ਰਾਪਤ ਹੋਈ ਹੈ। ਅਸੀਂ ਸੁਭਾਗੇ ਹਾਂ ਕਿ ਅਸੀਂ ਅਜ਼ਾਦ ਦੇਸ ਵਿੱਚ ਜਨਮੇ। ਇੱਕ ਅਜ਼ਾਦ ਦੇਸ ਦੇ ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ਼ ਹੈ ਕਿ ਅਸੀਂ ਇਸ ਅਜ਼ਾਦੀ ਨੂੰ ਕਾਇਮ ਰੱਖਣ ਅਤੇ ਦੇਸ ਨੂੰ ਖ਼ੂਬਸੂਰਤ ਬਣਾਉਣ ਵਿੱਚ ਆਪਣੇ ਹਿੱਸੇ ਦਾ ਕੀ ਯੋਗਦਾਨ ਪਾਉਂਦੇ ਰਹੀਏ"
ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਹ ਵਿਚਾਰ 79ਵੇਂ ਸੁਤੰਤਰਤਾ ਦਿਵਸ ਉੱਤੇ ਕੈਂਪਸ ਵਿੱਚ ਤਿਰੰਗਾ ਲਹਿਰਾਉਣ ਉਪਰੰਤ ਪ੍ਰਗਟਾਏ। ਉਨ੍ਹਾਂ ਅਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਜਦੋਂ ਕਾਰੋਬਾਰੀ ਸੰਘਰਸ਼ ਵਾਲ਼ੇ ਸਮੇਂ ਵਿੱਚ ਪੂਰਾ ਸੰਸਾਰ ਹੀ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਸਾਡੇ ਦੇਸ ਅਤੇ ਇਸ ਦੇ ਅਦਾਰਿਆਂ ਨੂੰ ਵੀ ਇਹੋ ਚੁਣੌਤੀ ਦਰਪੇਸ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜ਼ਾਦੀ ਦਿਵਸ ਮੌਕੇ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਇਸ ਦਿਸ਼ਾ ਵਿੱਚ ਕੀ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੀਆਂ ਵਿੱਤੀ ਚੁਣੌਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਨੂੂੰ ਅਜਿਹੇ ਹਾਲਾਤ ਵਿੱਚ ਕਿਸੇ ਵੀ ਤਰ੍ਹਾਂ ਦੇ ਫਜ਼ੂਲ ਖਰਚੇ ਨਾ ਕਰਨ ਦਾ ਪੱਕਾ ਅਹਿਦ ਲੈਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਮੰਤਵ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਰਸੇ ਦੀ ਸੰਭਾਲ਼ ਕਰਨਾ ਯੂਨੀਵਰਸਿਟੀ ਦੇ ਮੂਲ ਮੰਤਵਾਂ ਵਿੱਚੋਂ ਇੱਕ ਅਹਿਮ ਮੰਤਵ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਦਿਵਸ ਮੌਕੇ ਸਾਨੂੰ ਇਸ ਗੱਲ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਕਿ ਸਾਡੇ ਮਹਾਨ ਅਜ਼ਾਦੀ ਘੁਲਾਟੀਆਂ ਨੇ ਜਿਨ੍ਹਾਂ ਕਦਰਾਂ ਕੀਮਤਾਂ ਅਤੇ ਵਿਰਾਸਤ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਅਸੀਂ ਉਸ ਵਿਰਸੇ ਦੀ ਸੰਭਾਲ਼ ਲਈ ਕੀ ਕਰ ਰਹੇ ਹਾ। ਉਨ੍ਹਾਂ ਇਸ ਮੌਕੇ ਸੰਸਾਰ ਪੱਧਰ ਉੱਤੇ ਤੇਜ਼ੀ ਨਾਲ਼ ਵਧ ਰਹੀ 'ਜਲਵਾਯੂ ਤਬਦੀਲੀ' ਦੀ ਸਮੱਸਿਆ ਦੇ ਹਵਾਲੇ ਨਾਲ਼ ਹਾਲ ਹੀ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਬਾਰੇ ਜਿ਼ਕਰ ਕਰਦਿਆਂ ਕਿਸੇ ਵੀ ਤਰ੍ਹਾਂ ਦੇ ਯੋਜਨਾਹੀਣ ਵਿਕਾਸ ਤੋਂ ਬਚਣ ਉੱਤੇ ਜ਼ੋਰ ਦਿੱਤਾ।
ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਇਸ ਮੌਕੇ ਸੰਬੋਧਨ ਕਰਦਿਆਂ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਅਜ਼ਾਦੀ ਪ੍ਰਾਪਤ ਕਰਨ ਨਾਲ਼ੋਂ ਅਜ਼ਾਦੀ ਨੂੰ ਬਚਾਈ ਰੱਖਣਾ ਹੋਰ ਵੀ ਜ਼ਰੂਰੀ ਹੁੰਦਾ ਹੈ। ਉਨ੍ਹਾਂ ਓਪਰੇਸ਼ਨ ਸਿੰਧੂਰ ਦੀ ਮਿਸਾਲ ਨਾਲ਼ ਦੇਸ ਦੀ ਸਮਰੱਥ ਸੈਨਿਕ ਅਤੇ ਰਾਜਨੀਤਕ ਅਗਵਾਈ ਦੀ ਸ਼ਲਾਘਾ ਕੀਤੀ ਜਿਸ ਦੀ ਬਦੌਲਤ ਦੇਸ ਦੀ ਅਜ਼ਾਦੀ ਨੂੰ ਪੈਦਾ ਹੋਏ ਖਤਰਿਆਂ ਨਾਲ਼ ਯੋਗ ਢੰਗ ਨਾਲ਼ ਨਜਿੱਠਿਆ ਜਾ ਸਕਿਆ।
ਰਜਿਸਟਰਾਰ ਪ੍ਰੋ. ਦਵਿੰਦਰਪਾਲ ਸਿੰਘ ਸਿੱਧੂ ਨੇ ਪ੍ਰਸਿੱਧ ਪੁਸਤਕ 'ਵਾਇ ਨੇਸ਼ਨਜ਼ ਫ਼ੇਲ' ਦੇ ਹਵਾਲੇ ਨਾਲ਼ ਕਿਹਾ ਕਿ ਅਜ਼ਾਦ ਮੁਲਕ ਦੀ ਅਜ਼ਾਦੀ ਬਹਾਲ ਰੱਖਣ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਦੇਸ ਦੀਆਂ ਸੰਸਥਾਵਾਂ ਆਪਣੀ ਕਾਰਗੁਜ਼ਾਰੀ ਸਹੀ ਰੱਖਣ। ਉਨ੍ਹਾਂ ਅੱਗੇ ਕਿਹਾ ਕਿ ਸੰਸਥਾਵਾਂ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਆਪਣੀਆਂ ਚੰਗੀਆਂ ਕਦਰਾਂ ਕੀਮਤਾਂ ਨੂੰ ਬਚਾ ਕੇ ਰੱਖਣ। ਪੰਜਾਬੀ ਯੂਨੀਵਰਸਿਟੀ ਨੂੰ ਵੀ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਯੂਨੀਵਰਸਿਟੀ ਦੀ ਰਵਾਇਤ ਅਨੁਸਾਰ ਪੰਜਾਬੀ ਯੂਨੀਵਰਸਿਟੀ ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਪਰੇਡ ਕੀਤੀ ਗਈ। ਅੰਤ ਵਿੱਚ ਯੁਵਕ ਭਲਾਈ ਵਿਭਾਗ ਵੱਲੋਂ ਭੰਗੜੇ ਦੀ ਪੇਸ਼ਕਾਰੀ ਨਾਲ਼ ਪ੍ਰੋਗਰਾਮ ਸੰਪੰਨ ਹੋਇਆ।